ਸੁਨਾਮ, (ਦਰਸ਼ਨ ਸਿੰਘ ਚੌਹਾਨ) : ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਨਿੱਜੀ ਬੱਸ ਅਪਰੇਟਰਾਂ ਦੀ ਜਥੇਬੰਦੀ ਪੰਜਾਬ ਮੋਟਰ ਯੂਨੀਅਨ ਵੱਲੋਂ ਕਾਲੀ ਦੀਵਾਲੀ ਮਨਾਉਣ ਦੇ ਦਿੱਤੇ ਸੱਦੇ 'ਤਹਿਤ ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਨਿੱਜੀ ਬੱਸ ਅਪਰੇਟਰਾਂ, ਡਰਾਈਵਰ ਅਤੇ ਕੰਡਕਟਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੱਜਕੇ ਭੜਾਸ ਕੱਢੀ। ਇਸ ਮੌਕੇ ਸ਼ਾਮਿਲ ਜਗਦੇਵ ਸਿੰਘ, ਸੁਖਜਿੰਦਰ ਸਿੰਘ ਪੱਪੀ, ਬਲਦੇਵ ਸਿੰਘ ਸਿੱਧੂ, ਮੈਨੇਜਰ ਚੰਦ ਸਿੰਘ ਫੱਗੂਵਾਲਾ ਅਤੇ ਪਰਮਜੀਤ ਸਿੰਘ ਪੰਮੀ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨਿੱਜੀ ਬੱਸ ਅਪਰੇਟਰਾਂ ਦੀਆਂ ਮੰਗਾਂ ਵੱਲ ਧਿਆਨ ਕੇਂਦਰਿਤ ਨਹੀਂ ਕਰ ਰਹੀ, ਜਿਸ ਕਾਰਨ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਜੁੜੇ ਛੋਟੀਆਂ ਕੰਪਨੀਆਂ ਦੇ ਮਾਲਕ, ਚਾਲਕ ਅਤੇ ਕੰਡਕਟਰ ਪ੍ਰੇਸ਼ਾਨੀ ਦੇ ਆਲਮ ਵਿੱਚ ਜੀਵਨ ਬਤੀਤ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਡੇ ਟਰਾਂਸਪੋਰਟਰਾਂ ਦੀ ਆੜ ਹੇਠ ਛੋਟਿਆਂ ਨੂੰ ਖ਼ਤਮ ਕਰਨ ਤੇ ਉਤਾਰੂ ਹੋ ਰਹੀ ਹੈ ਜਦਕਿ ਛੋਟੇ ਨਿੱਜੀ ਬੱਸ ਅਪਰੇਟਰਾਂ ਨੇ ਆਪਣੇ ਚੰਗੇ ਭਵਿੱਖ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਦੀ ਚੋਣਾਂ ਵਿੱਚ ਹਿੱਕ ਡਾਹਕੇ ਮੱਦਦ ਕੀਤੀ ਸੀ। ਨਿੱਜੀ ਬੱਸ ਅਪਰੇਟਰਾਂ, ਡਰਾਈਵਰਾਂ ਅਤੇ ਕੰਡਕਟਰਾਂ ਨੇ ਕਿਹਾ ਕਿ ਸਰਕਾਰ ਦੇ ਨਿੱਜੀ ਬੱਸ ਅਪਰੇਟਰਾਂ ਖ਼ਿਲਾਫ਼ ਅਪਣਾਏ ਮਾੜੇ ਰਵਈਏ ਨੂੰ ਲੈਕੇ ਪੰਜਾਬ ਮੋਟਰ ਯੂਨੀਅਨ ਵੱਲੋਂ ਕਾਲੀ ਦੀਵਾਲੀ ਮਨਾਉਣ ਦੇ ਦਿੱਤੇ ਸੂਬਾ ਪੱਧਰੀ ਸੱਦੇ 'ਤਹਿਤ ਸੁਨਾਮ ਇਲਾਕੇ ਅੰਦਰ ਪੈਂਦੇ ਆਪਰੇਟਰ ਤੇ ਸਟਾਫ ਕਾਲੀਆਂ ਝੰਡੀਆਂ ਲਾ ਕੇ ਕਾਲੀ ਦੀਵਾਲੀ ਮਨਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਨਿੱਜੀ ਬੱਸ ਅਪਰੇਟਰਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਮੰਗਾਂ ਨੂੰ ਲੈਕੇ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇਣ ਤੋਂ ਟਾਲਾ ਵੱਟ ਰਹੀ ਹੈ। ਇਸ ਮੌਕੇ ਬਲਦੇਵ ਸਿੰਘ, ਗੁਰਜੀਤ ਸਿੰਘ ਰਾਮਗੜ੍ਹੀਆ, ਕੁਲਬੀਰ ਸਿੰਘ, ਕਾਲਾ ਸਿੱਧੂ, ਬੇਅੰਤ ਸਿੰਘ ਲਹਿਰਾ, ਰਾਜ ਪੰਡਿਤ, ਅਜਮੇਰ ਸਿੰਘ ਸ਼ੇਰੋਂ, ਰਣਜੀਤ ਸਿੰਘ, ਬਘੇਲ ਸਿੰਘ ਆਰਬਿਟ ਸਮੇਤ ਹੋਰ ਮੈਂਬਰ ਹਾਜ਼ਰ ਸਨ।