ਪਟਿਆਲਾ (Patiala) : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ (Vijay Inder Singla) ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਨੁਹਾਰ ਤਬਦੀਲੀ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਇਹਨਾਂ ਤਬਦੀਲੀਆਂ ਦਾ ਸੁਨੇਹਾ ਸਮਾਜ ਤੱਕ ਪਹੁੰਚਾਉਣ ਲਈ ਲਗਾਤਾਰ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀ ਕਲਾਕਾਰਾਂ ਦੀ ਲਘੂ ਫਿਲਮ 'ਤੀਹਰੀ ਖੁਸ਼ੀ' ਡੀ ਡੀ ਪੰਜਾਬੀ 'ਤੇ ਭਲਕੇ 10 ਅਪ੍ਰੈਲ ਨੂੰ ਪ੍ਰਸਾਰਿਤ ਕੀਤੀ ਜਾਵੇਗੀ।
ਇਸ ਸਬੰਧੀ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ ਤੇ ਰਾਜਿੰਦਰ ਸਿੰਘ ਚਾਨੀ ਨੇ ਦੱਸਿਆ ਕਿ ਜਿੱਥੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਖੁਦ ਘਰਾਂ, ਪਿੰਡਾਂ ਦੀਆਂ ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਜਾ ਕੇ ਸਰਕਾਰੀ ਸਕੂਲਾਂ ਦੇ ਅਤਿ-ਆਧੁਨਿਕ ਹੋਏ ਢਾਂਚੇ ਦਾ ਸੁਨੇਹਾ ਦੇ ਰਹੇ ਹਨ, ਉੱਥੇ ਹੀ ਵਿਭਾਗ ਦੀ ਮੀਡੀਆ ਟੀਮ ਵੱਲੋਂ ਸੋਸ਼ਲ ਅਤੇ ਪ੍ਰਿੰਟ ਮੀਡੀਆ ਜਰੀਏ ਵੀ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਦੀਆਂ ਇਨ੍ਹਾਂ ਸਰਗਰਮੀਆਂ 'ਤੇ ਅਧਾਰਤ ਪ੍ਰੋਗਰਾਮ 'ਨਵੀਆਂ ਪੈੜਾਂ' ਭਲਕੇ ਡੀ ਡੀ ਪੰਜਾਬੀ 'ਤੇ ਭਲਕੇ 10 ਅਪ੍ਰੈਲ ਨੂੰ 3.30 ਵਜੇ ਬਾਅਦ ਦੁਪਹਿਰ ਪੇਸ਼ ਕੀਤਾ ਜਾਵੇਗਾ। ਜਿਸ ਵਿੱਚ ਡਾ. ਸੁਖਦਰਸ਼ਨ ਸਿੰਘ ਚਹਿਲ ਦੁਆਰਾ ਲਿਖੀ ਤੇ ਨਿਰਦੇਸ਼ਤ ਕੀਤੀ ਲਘੂ ਫਿਲਮ 'ਤੀਹਰੀ ਖੁਸ਼ੀ' ਰਾਜ ਦੇ ਸਰਕਾਰੀ ਸਕੂਲਾਂ ਦੀਆਂ ਵਿਲੱਖਣ ਪ੍ਰਾਪਤੀਆਂ 'ਤੇ ਅਧਾਰਤ ਪ੍ਰੋਗਰਾਮ 'ਨਵੀਆਂ ਪੈੜਾਂ' ਰਾਹੀਂ ਪੇਸ਼ ਕੀਤੀ ਜਾਵੇਗੀ। ਸਰਕਾਰੀ ਸਕੂਲਾਂ ਦੀਆਂ ਖੂਬੀਆਂ ਤੇ ਸਹੂਲਤਾਂ ਨੂੰ ਦਰਸਾਉਂਦੀ ਇਹ ਲਘੂ ਫਿਲਮ ਦਾਖਲਾ ਮੁਹਿੰਮ ਦਾ ਹਿੱਸਾ ਹੈ ਅਤੇ ਇਸ ਵਿੱਚ ਮਲਟੀਪਰਪਜ਼ ਸਕੂਲ ਦੀ ਨਾਟ ਮੰਡਲੀ ਦੇ ਕਲਾਕਾਰਾਂ ਜਸ਼ਨਪ੍ਰੀਤ ਕੌਰ ਤਾਣਾ, ਹਰਪ੍ਰੀਤ ਸਿੰਘ ਸੂਹਰੋਂ, ਮਨਿੰਦਰ ਸਿੰਘ ਤੇ ਸਿਮਰਤਰਾਜ ਸਿੰਘ ਖਾਲਸਾ ਨੇ ਖੂਬਸੂਰਤ ਅਦਾਕਾਰੀ ਦਿਖਾਈ ਹੈ।
ਮਲਟੀਪਰਪਜ਼ ਸਕੂਲ ਦੇ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਉਕਤ ਵੱਡੀ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਉਸਤਾਦ ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ ਹੈ। ਉਕਤ ਐਪੀਸੋਡ 'ਚ ਪਟਿਆਲਾ ਜਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਦੀ ਪ੍ਰਿੰ. ਸੁਦੇਸ਼ ਕੁਮਾਰੀ, ਸਟਾਫ ਤੇ ਵਿਦਿਆਰਥੀਆਂ ਵੱਲੋਂ ਚਲਾਈ ਜਾ ਰਹੀਆਂ ਦਾਖਲਾ ਮੁਹਿੰਮ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਉਕਤ ਪ੍ਰੋਗਰਾਮ ਸਿੱਖਿਆ ਵਿਭਾਗ ਦੀ ਟੀਮ ਅਮਰਦੀਪ ਸਿੰਘ ਬਾਠ, ਅਸ਼ੋਕ ਕੁਮਾਰ ਤੇ ਗੁਰਦੀਪ ਜੌਨੀ ਵੱਲੋਂ ਤਿਆਰ ਕੀਤਾ ਗਿਆ ਹੈ।