ਸੁਨਾਮ :- ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਨਗਰ ਕੌਂਸਲ ਸੁਨਾਮ ਦੇ ਅਧਿਕਾਰੀਆਂ ਨੂੰ ਛੇ ਨਵੀਆਂ ਟਾਟਾ ਏਸ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਨੂੰ ਹਰ ਸੁਵਿਧਾ ਪੱਖੋਂ ਸਰਵੋਤਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਰੀਬ ਦੋ ਮਹੀਨੇ ਪਹਿਲਾਂ ਹੀ 3 ਟਰੈਕਟਰ, 3 ਹਾਈਡ੍ਰੌਲਿਕ ਟਰਾਲੀਆਂ ਅਤੇ ਪੀਣ ਵਾਲੇ ਪਾਣੀ ਦਾ ਟੈਂਕਰ ਨਗਰ ਕੌਂਸਲ ਨੂੰ ਸੌਂਪਿਆ ਗਿਆ ਸੀ ਅਤੇ ਉਸੇ ਕੜੀ ਤਹਿਤ ਅੱਜ ਕਰੀਬ 42 ਲੱਖ ਰੁਪਏ ਦੀ ਲਾਗਤ ਵਾਲੇ ਮੈਕੇਨਾਈਜ਼ਡ ਵ੍ਹੀਕਲ ਟਾਟਾ ਏਸ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨੂੰ 1.38 ਕਰੋੜ ਰੁਪਏ ਦੀ ਲਾਗਤ ਵਾਲੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਹਰ ਪੱਧਰ ਉੱਤੇ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਮੰਤਰੀ ਅਰੋੜਾ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਲੋਕ ਇਸ ਮੁਹਿੰਮ ਵਿੱਚ ਆਪਣਾ ਸਰਗਰਮ ਯੋਗਦਾਨ ਪਾਉਣ ਤਾਂ ਸੁਨਾਮ ਨੂੰ ਛੇਤੀ ਹੀ ਵਿਕਾਸ ਕਾਰਜਾਂ ਪੱਖੋਂ ਪੰਜਾਬ ਦੇ ਨਕਸ਼ੇ ਵਿੱਚ ਪਹਿਲੇ ਸਥਾਨ ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਕੌਂਸਲਰ ਅਤੇ ਹੋਰ ਸ਼ਖ਼ਸੀਅਤਾਂ ਹਰ ਗਲੀ ਮੁਹੱਲੇ ਵਿੱਚ ਜਾਕੇ ਘਰ ਘਰ ਤੱਕ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਇਕੱਤਰ ਕਰਨ ਬਾਰੇ ਔਰਤਾਂ ਨੂੰ ਜਾਣਕਾਰੀ ਦੇਣ ਤਾਂ ਜੋ ਟਾਟਾ ਏਸ ਰਾਹੀਂ ਘਰਾਂ ਦੇ ਪਹਿਲੇ ਪੜਾਅ ਤੋਂ ਹੀ ਇਹ ਕੂੜਾ ਵੱਖ ਵੱਖ ਇਕੱਠਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਨਗਰ ਕੌਂਸਲ ਸੁਨਾਮ ਨੂੰ ਹੋਰ ਲੋੜੀਂਦੀ ਮਸ਼ੀਨਰੀ ਉਪਲਬਧ ਕਰਵਾਈ ਜਾਵੇਗੀ ਤਾਂ ਜੋ ਕਿਸੇ ਪੱਧਰ ਉੱਤੇ ਕੋਈ ਕਮੀ ਨਾ ਰਹੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕਿਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਮੀਤ ਪ੍ਰਧਾਨ ਗੁਰਤੇਗ ਸਿੰਘ ਨਿੱਕਾ, ਚਮਕੌਰ ਸਿੰਘ ਹਾਂਡਾ, ਸਾਬਕਾ ਕੌਂਸਲਰ ਬਲਜੀਤ ਸਿੰਘ, ਕੌਂਸਲਰ ਹਰਪਾਲ ਸਿੰਘ ਹਾਂਡਾ, ਸੁਨੀਲ ਕੁਮਾਰ ਆਸ਼ੂ, ਰਵੀ ਕਮਲ ਗੋਇਲ ਅਤੇ ਹਰਮੀਤ ਵਿਰਕ ਵੀ ਹਾਜ਼ਰ ਸਨ।