ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦਾ ਤੀਜਾ ਦਿਨ ਵੀ ਰਿਹਾ ਰੌਣਕਾਂ ਭਰਪੂਰ
ਪਟਿਆਲਾ :- ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਤੀਜੇ ਦਿਨ ਫ਼ੋਕ ਆਰਕੈਸਟਰਾ ਅਤੇ ਲੋਕ ਸਾਜ਼ਾਂ ਦੀਆਂ ਰੰਗਲੀਆਂ ਧੁਨਾਂ ਨੇ ਯੂਨੀਵਰਿਸਟੀ ਕੈਂਪਸ ਵਿੱਚ ਲੋਕ ਰੰਗ ਬਿਖੇਰਦੇ ਹੋਏ ਖ਼ੂਬ ਰੌਣਕਾਂ ਲਾਈਆਂ।
ਤੀਜੇ ਦਿਨ ਦੀ ਇੱਕ ਵਿਸ਼ੇਸ਼ਤਾ ਇਹ ਰਹੀ ਕਿ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਸ੍ਰ. ਚੇਤਨ ਸਿੰਘ ਜੌੜੇਮਾਜਰਾ ਨੇ ਯੂਨੀਵਰਸਿਟੀ ਵਿੱਚ ਆਉਂਦੇ ਦਿਨਾਂ ਦੌਰਾਨ ਏ.ਆਈ.ਯੂ. ਵੱਲੋਂ ਆਯੋਜਿਤ ਕਰਵਾਏ ਜਾਣ ਵਾਲੇ ਨੌਰਥ ਜ਼ੋਨ ਯੁਵਕ ਮੇਲੇ ਲਈ ਆਪਣੇ ਅਖ਼ਤਿਆਰੀ ਫ਼ੰਡ ਵਿੱਚੋਂ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲੇ ਨੌਜਵਾਨਾਂ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਨ੍ਹਾਂ ਕਲਾ ਮੇਲਿਆਂ ਵਿੱਚੋਂ ਨਿਕਲ ਕੇ ਨੌਜਵਾਨ ਜ਼ਿੰਦਗੀ ਵਿੱਚ ਵੱਡੀਆਂ ਮੱਲਾਂ ਮਾਰਦੇ ਹਨ ਅਤੇ ਉੱਚੀਆਂ ਪ੍ਰਾਪਤੀਆਂ ਕਰਦੇ ਹੋਏ ਵੱਖ-ਵੱਖ ਮੁਕਾਮਾਂ ਤੱਕ ਪਹੁੰਚਦੇ ਹਨ।
ਉਨ੍ਹਾਂ ਕਿਹਾ ਕਿ 55 ਵੱਖ-ਵੱਖ ਕਲਾ-ਵੰਨਗੀਆਂ ਵਿੱਚ ਸ਼ਿਰਕਤ ਕਰਨ ਵਾਲੇ ਇਨ੍ਹਾਂ ਸਾਰੇ ਹੀ ਨੌਜਵਾਨਾਂ ਤੋਂ ਪੰਜਾਬ ਨੂੰ ਵੱਡੀਆਂ ਉਮੀਦਾਂ ਹਨ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਜੇ ਦਿਨ ਯੂਨੀਵਰਸਿਟੀ ਕੈਂਪਸ ਵਿੱਚ ਵੱਖ-ਵੱਖ ਥਾਵਾਂ ਉੱਤੇ ਇਕਾਂਗੀ, ਲੋਕ-ਗੀਤ,ਨਾਟਕ,ਮਿਮਿਕਰੀ, ਲੋਕ ਗੀਤ, ਲੋਕ ਸਾਜ਼, ਫੋਕ ਆਰਕੈਸਟਰਾ, ਵਾਦ-ਵਿਵਾਦ, ਭਾਸ਼ਣ ਕਲਾ ਅਤੇ ਕਾਵਿ ਉਚਾਰਨ ਆਦਿ ਦੇ ਮੁਕਾਬਲੇ ਸ਼ਾਮਿਲ ਸਨ। ਇਹ ਸਾਰੇ ਹੀ ਮੁਕਾਬਲੇ ਰੌਚਿਕ ਰਹੇ।
ਉਨ੍ਹਾਂ ਦੱਸਿਆ ਕਿ ਅੰਤਲੇ ਦਿਨ ਹੋਣ ਵਾਲ਼ੇ ਮੁਕਾਬਲਿਆਂ ਵਿੱਚ ਗਿੱਧਾ, ਕਲੀ ਗਾਇਣ, ਵਾਰ ਗਾਇਣ, ਕਵੀਸ਼ਰੀ, ਰਵਾਇਤੀ ਲੋਕ ਗੀਤ, ਸ਼ਾਸਤਰੀ ਸੰਗੀਤ, ਸ਼ਾਸਤਰੀ ਨ੍ਰਿਤ ਆਦਿ ਕਲਾ ਵੰਨਗੀਆਂ ਸ਼ਾਮਿਲ ਹਨ।
ਅੰਤਲੇ ਦਿਨ ਸਿਹਤ ਮੰਤਰੀ ਡਾ. ਬਲਵੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਚੌਥੇ ਦਿਨ ਦੇ ਅੰਤਿਮ ਸੈਸ਼ਨ ਵਿੱਚ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਯੁਵਕ ਮੇਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣਗੇ।
ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਅਤੇ ਰਜਿਸਟਰਾਰ ਡਾ. ਨਵਜੋਤ ਕੌਰ ਵੱਲੋਂ ਮੇਲੇ ਦੇ ਤੀਜੇ ਦਿਨ ਵੱਖ-ਵੱਖ ਸੈਸ਼ਨਾਂ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਵਾਦ-ਵਿਵਾਦ ਵਿੱਚੋਂ ਪਹਿਲਾ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ, ਦੂਜਾ ਸਥਾਨ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਅਤੇ ਤੀਜਾ ਸਥਾਨ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਨੇ ਪ੍ਰਾਪਤ ਕੀਤਾ।
ਭਾਸ਼ਣ ਕਲਾ ਵਿੱਚ ਪਹਿਲਾ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ, ਦੂਜਾ ਸਥਾਨ ਬਾਬਾ ਫਰੀਦ ਕਾਲਜ, ਦਿਉਣ ਅਤੇ ਤੀਜਾ ਸਥਾਨ ਸਰਕਾਰੀ ਰਿਪਦਮਨ ਕਾਲਜ ਨਾਭਾ ਨੇ ਪ੍ਰਾਪਤ ਕੀਤਾ। ਕਵਿਤਾ ਉਚਾਰਣ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਰਿਪਦਮਨ ਕਾਲਜ ਨਾਭਾ, ਦੂਜਾ ਸਥਾਨ ਪੰਜਾਬੀ ਯੂਨੀਵਰਸਿਟੀ ਕੈਂਪਸ ਅਤੇ ਤੀਜਾ ਸਥਾਨ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਨੇ ਪ੍ਰਾਪਤ ਕੀਤਾ।