ਫ਼ਤਹਿਗੜ੍ਹ ਸਾਹਿਬ :- ਪੰਜਾਬ ਸਰਕਾਰ ਵੱਲੋਂ ਪਸ਼ੂਧਨ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਕਿਸਾਨਾਂ ਤੱਕ ਲਾਭ ਪਹੁੰਚਾਉਣ ਦੇ ਮੰਤਵ ਨਾਲ ਗੜੋਲੀਆਂ ਦੇ ਸਰਕਾਰੀ ਕੈਟਲ ਪੌਂਡ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਗਊ ਭਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਰਵਿੰਦਰ ਸਿੰਘ ਨੇ ਪਸ਼ੂ ਪਾਲਕਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਸੀਨੀਅਰ ਵੈਟਨਰੀ ਅਫਸਰ ਬਸੀ ਪਠਾਣਾ ਡਾ: ਅਵਤਾਰ ਸਿੰਘ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਗਊ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਗਊਆਂ ਦੇ ਇਲਾਜ ਅਤੇ ਸਿਹਤ ਸੰਭਾਲ ਲਈ ਗਊ ਸੇਵਾ ਕਮਿਸ਼ਨ ਦੇ ਸਹਿਯੋਗ ਨਾਲ ਖਰੀਦਿਆਂ 25000 ਰੁਪਏ ਦੀ ਕੀਮਤ ਦੀਆਂ ਦਵਾਈਆਂ ਧਿਆਨ ਫਾਊਂਡੇਸ਼ਨ ਦੇ ਇੰਚਾਰਜ ਸ਼੍ਰੀ ਵਿਨੋਦ ਲਾਕੜਾ ਨੂੰ ਸੌਂਪੀਆਂ।
ਇਸ ਮੌਕੇ ਧਿਆਨ ਫਾਊਂਡੇਸ਼ਨ ਦੇ ਸ਼੍ਰੀ ਵਿਨੋਦ ਲਾਕੜਾ ਨੇ ਗੜੋਲਆਂ ਦੇ ਕੈਟਲ ਪੌਂਡ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਡਾ: ਅਮਨਦੀਪ ਸਿੰਘ ਵੈਟਨਰੀ ਅਫਸਰ ਸੀ.ਵੀ.ਐਚ. ਗੜੋਲੀਆਂ ਅਤੇ ਡਾ: ਸੁਮਿਤ ਸ਼ਰਮਾ ਵੈਟਨਰੀ ਅਫਸਰ ਸੀ.ਵੀ.ਐਚ. ਪਵਾਲਾ ਨੇ ਗਊਆਂ ਦੀ ਹੋਰ ਸੁਚੱਜੇ ਢੰਗ ਨਾਲ ਦੇਖਭਲਾਲ ਕਰਨ ਸਬੰਧੀ ਨੁਕਤੇ ਗਊ ਸੇਵਕਾਂ ਨਾਲ ਸਾਂਝੇ ਕੀਤੇ। ਵੈਟਨਰੀ ਅਫਸਰ ਸੀ.ਵੀ.ਐਚ. ਬਡਾਲੀ ਆਲਾ ਸਿੰਘ ਡਾ: ਹਰਪ੍ਰੀਤ ਸਿੰਘ ਨੇ ਗੋਕਿਆਂ ਦੇ ਖੁਰਾਕ ਪ੍ਰਬੰਧਨ ਬਾਰੇ ਅਤੇ ਸੀ.ਵੀ.ਐਚ. ਭਗੜਾਣਾ ਦੇ ਵੈਟਨਰੀ ਅਫਸਰ ਡਾ: ਹਿਮਾਂਸ਼ੂ ਭੱਟੀ ਨੇ ਗੋਕਿਆਂ ਵਿੱਚ ਹੋਣ ਵਾਲੀਆਂ ਪ੍ਰਮੁੱਖ ਬਿਮਾਰੀਆਂ ਅਤ ਉਨ੍ਹਾਂ ਦੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਦੌਰਾਨ ਵੈਟਨਰੀ ਡਾਕਟਰਾਂ ਦੀ ਟੀਮ ਵੱਲੋਂ ਕੈਟਲ ਪੌਂਡ ਦੇ ਬੀਮਾਰ ਗੋਕਿਆਂ ਦਾ ਇਲਾਜ ਕੀਤਾ ਗਿਆ ਅਤੇ 100 ਗੋਕਿਆਂ ਨੂੰ ਕਿਰਮ ਰਹਿਤ ਕਰਨ ਲਈ ਦਵਾਈਆਂ ਦਿੱਤੀਆਂ ਅਤੇ ਬਿਮਾਰੀਆਂ ਦੀ ਅਗਾਊਂ ਪਹਿਚਾਣ ਲਈ ਖੂਨ ਦੇ ਨਮੂਨੇ ਵੀ ਲਏ। ਇਸ ਕੈਂਪ ਵਿੱਚ ਪਸ਼ੂ ਪਾਲਣ ਵਿਭਾਗ ਦੇ ਬਲਜਿੰਦਰ ਸਿੰਘ, ਧਿਆਨ ਫਾਊਂਡੇਸ਼ਨ ਦੇ ਸ਼੍ਰੀ ਅਸ਼ੀਸ਼ ਕੁਮਾਰ, ਕੈਟਲ ਪੌਂਡ ਦੇ ਸੁਪਰਵਾਇਜਰ ਸੰਤੋਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਦੇ ਪਤਵੰਤੇ ਅਤੇ ਪਸ਼ੂ ਪਾਲਣ ਹਾਜਰ ਸਨ।