ਪਟਿਆਲਾ :- ਪ੍ਰਕਾਸ਼ ਪੂਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਪ੍ਰਸਿੱਧ ਸਮਾਜ ਸੇਵੀ ਇਤਵਿੰਦਰ ਸਿੰਘ (ਹਨੀਲੂਥਰਾ) ਅਤੇ ਪ੍ਰਧਾਨ ਹਿਊਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਅੰਗਰੇਜ਼ ਸਿੰਘ ਵਿਰਕ ਨੇ ਸ੍ਰੀਮਤੀ ਰਾਜਪਾਲ ਕੌਰ ਮਸਤ ਦੀ ਅਗਵਾਈ ਹੇਠ " ਮਸਤੀ ਕੀ ਪਾਠਸ਼ਾਲਾ " ਦੇ ਵਿਦਿਆਰਥੀਆਂ ਨੂੰ ਪਟਿਆਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਵਾਉਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਤਵਿੰਦਰ ਸਿੰਘ (ਹਨੀ ਲੂਥਰਾ) ਨੇ " ਮਸਤੀ ਕੀ ਪਾਠਸ਼ਾਲਾ " ਦੇ ਬੱਚਿਆਂ ਨੂੰ ਪੌਦਿਆਂ ਦਾ ਲੰਗਰ ਵੀ ਵੰਡਿਆ ਅਤੇ ਇਸ ਮੌਕੇ ਬੱਚਿਆ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ‘ ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ।” ਇਹ ਸੰਦੇਸ਼ ਹੀ ਆਲਮੀ ਪੱਧਰ 'ਤੇ ਆਏ ਵਾਤਾਵਰਨ ਦੇ ਸੰਕਟ ਤੋਂ ਪਾਰ ਪਾਉਣ ਦੀ ਸਮਰੱਥਾ ਰੱਖਦਾ ਹੈ। ਇਸ ਸੰਦੇਸ਼ 'ਤੇ ਅਮਲ ਕੀਤੇ ਬਿਨਾਂ ਇਸ ਸੰਕਟ ਵਿਚੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੋਵੇਗਾ। ਵਾਤਾਵਰਨ ਦੇ ਸੰਕਟ ਦਾ ਮੁਕਾਬਲਾ ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਕਰ ਸਕਦੇ ਹਾਂ । ਉਨ੍ਹਾਂ ਬੱਚਿਆ ਨੂੰ ਕਿਹਾ ਕਿ ਉਹ ਆਪਣੇ ਜਨਮ ਦਿਨ ਮੌਕੇ ਘੱਟ ਤੋਂ ਘੱਟ ਇੱਕ ਰੁੱਖ ਜ਼ਰੂਰ ਲਗਾਉਣ ਅਤੇ ਉਸ ਦਾ ਪਾਲਣ ਪੋਸਣ ਜ਼ਰੂਰ ਕਰਨ । ਅਜਿਹਾ ਕਰਕੇ ਉਹ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਸਕਦੇ ਹਨ । ਅੰਗਰੇਜ਼ ਸਿੰਘ ਵਿਰਕ ਨੇ ਬੱਚਿਆ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆ ਨੂੰ ਆਪਣੇ ਗੁਰੂਆਂ ਦੇ ਦਰਸਾਏ ਫਲਸਫਿਆਂ ਤੇ ਚੱਲਣਾ ਚਾਹੀਦਾ ਹੈ। ਮੈਡਮ ਰਾਜਪਾਲ ਕੌਰ ਮਸਤ ਨੇ ਕਿਹਾ ਕਿ ਵੱਧ ਰਿਹਾ ਪ੍ਰਦੂਸ਼ਣ ਦਾ ਸਤਰ ਮਨੁੱਖਤਾ ਦੇ ਨਾਲ ਨਾਲ ਜੀਵ ਜੰਤੂਆਂ, ਪਸੂ ਪੰਛੀਆਂ ਅਤੇ ਸਮੁੱਚੀ ਮਨੁੱਖਤਾ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਲਈ ਸਾਨੂੰ ਸਾਰਿਆ ਨੂੰ ਲੋਕ ਲਹਿਰ ਪੈਦਾ ਕਰਕੇ ਆਪਣੇ ਵਾਤਾਵਰਣ ਨੂੰ ਸੰਭਾਲਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਇਸ ਮੌਕੇ ਮੈਡਮ ਐਚ. ਸੀ. ਭਾਰਤੀ ਤੇ ਮੰਜੂ ਵੀ ਸ਼ਾਮਲ ਸਨ ।