ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ਼ ਵਿਸ਼ਵ ਏਡਜ਼ ਦਿਵਸ ਬਾਰੇ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਐੱਨ. ਐੱਸ. ਐੱਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਸੰਬੰਧੀ ਪ੍ਰੋਗਰਾਮਾਂ ਦੀ ਲੜੀ ਤਹਿਤ ‘ਵਿਸ਼ਵ ਏਡਜ਼ ਦਿਵਸ’ ਤੋਂ ਪਹਿਲੀ ਸ਼ਾਮ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਮੋਮਬੱਤੀ ਮਾਰਚ ਕੱਢਿਆ ਗਿਆ ਜਿਸ ਵਿੱਚ ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਪ੍ਰੋਗਰਾਮ ਅਫਸਰਾਂ ਵੱਲੋਂ ਸਿ਼ਰਕਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਰਚ ਦੌਰਾਨ ਏਡਜ਼ ਦੀ ਰੋਕਥਾਮ ਅਤੇ ਬਚਾਅ ਸੰਬੰਧੀ ਜਾਗਰੂਕਤਾ ਪੈਦਾ ਕਰਨ ਹਿਤ ਨਾਅਰ੍ਹੇ ਲਗਾਏ ਗਏ।
ਇਸੇ ਪ੍ਰੋਗਰਾਮ ਦੀ ਨਿਰੰਤਰਤਾ ਵਿਚ ਦੂਜਾ ਪ੍ਰੋਗਰਾਮ ਪਹਿਲੀ ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਵਾਲੇ ਦਿਨ ਕੈਂਪਸ ਵਿੱਚ ਜਾਗਰੂਕਤਾ ਰੈਲੀ ਕੱਢ ਕੇ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ, ਡਾ. ਸੰਦੀਪ ਸਿੰਘ ਅਤੇ ਡਾ. ਸਿਮਰਨਜੀਤ ਸਿੰਘ ਸਮੇਤ ਤਕਰੀਬਨ 150 ਵਲੰਟੀਅਰਾਂ ਨੇ ਭਾਗ ਲਿਆ। ਇਹ ਰੈਲੀ ਐੱਨ. ਐੱਸ. ਐੱਸ. ਵਿਭਾਗ ਤੋ ਸੀਨੀਅਰ ਸੈਕੰਡਰੀ ਮਾਡਲ ਸਕੂਲ ਤੱਕ ਕੱਢੀ ਗਈ।
ਇਸ ਲੜੀ ਦੇ ਤੀਜੇ ਪ੍ਰੋਗਰਾਮ ਤਹਿਤ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਚ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਮਕਸਦ ਯੂਨੀਵਰਸਿਟੀ ਮਾਡਲ ਸਕੂਲ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਏਡਜ਼ ਨਾਲ਼ ਜੁੜੇ ਮਸਲਿਆਂ ਪ੍ਰਤੀ ਜਾਗਰੂਕ ਕਰਨਾ ਸੀ। ਸਕੂਲ ਦੇ ਪ੍ਰਿੰਸੀਪਲ ਡਾ. ਬਾਲ ਕ੍ਰਿਸ਼ਨ ਦੇ ਸਵਾਗਤੀ ਸ਼ਬਦਾਂ ਉਪਰੰਤ ਪ੍ਰੋਗਰਾਮ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਨੇ ਇਸ ਮੌਕੇ ਏਡਜ਼ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਬੀਮਾਰੀ ਛੂਤ ਦੀ ਬੀਮਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਨਾਲ਼ ਵਿਤਕਰਾ ਨਹੀ ਕਰਨਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਇਸ ਬੀਮਾਰੀ ਤੋ ਬਚਾਅ ਦੇ ਉਪਾਅ ਵੀ ਦੱਸੇ। ਪ੍ਰੋਗਰਾਮ ਅਫ਼ਸਰ ਡਾ. ਸੰਦੀਪ ਸਿੰਘ ਨੇ ਏਡਜ਼ ਦੇ ਕਾਰਨ, ਲੱਛਣ ਅਤੇ ਬਚਣ ਦੇ ਓਪਾਅ ਬਾਰੇ ਆਪਣੀ ਲਿਖੀ ਕਵਿਤਾ ਵੀ ਸੁਣਾਈ।