ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਵਿਸ਼ੇਸ਼ ਲੋੜਾਂ ਵਾਲੇ ਜੀਆਂ ਦੀ ਉਚੇਰੀ ਸਿੱਖਿਆ ਦਾ ਪ੍ਰਬੰਧ ਇੱਕ ਵਿਸ਼ੇਸ਼ ਕੇਂਦਰ ਰਾਹੀਂ ਕਰੇਗੀ। ਪੰਜਾਬ ਸਰਕਾਰ ਦੀ ਪਹਿਲਕਦਮੀ ਅਤੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਵੱਲੋਂ ਇਹਨਾਂ ਵਿਸ਼ੇਸ਼ ਲੋੜ ਵਾਲੇ ਵਿਦਿਆਰਥੀਆਂ ਨੂੰ ਬੀ.ਏ. ਹਿਉਮੈਨਟੀਜ਼ ਕਰਵਾਉਣ ਦਾ ਉਪਰਾਲਾ ਕੀਤਾ ਹੈ।
ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ, ਜੋ ਕਿ ਅੱਜ ਅਪੰਗਤਾ ਸੰਬੰਧੀ ਅੰਤਰਰਾਸ਼ਟਰੀ ਦਿਵਸ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਲਈ ਪਟਿਆਲਾ ਪੁੱਜੇ ਹੋਏ ਸਨ, ਦੀ ਅਗਵਾਈ ਵਿੱਚ ਇਸ ਕੇਂਦਰ ਸਬੰਧੀ ਪਟਿਆਲਾ ਸਥਿਤ ਵਾਣੀ ਸਕੂਲ ਫਾਰ ਹੀਅਰਿੰਗ ਇੰਪੇਅਰਡ ਨਾਲ ਇਕ ਇਕਰਾਰਨਾਮਾ ਵੀ ਕੀਤਾ ਗਿਆ।
ਸ੍ਰ. ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਵਿੱਚ ਹੋ ਰਹੇ ਕੰਮ ਕਾਜ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਖੇਤਰ ਲਈ ਵੀ ਯੂਨੀਵਰਸਿਟੀ ਬਾਖੂਬੀ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲਾਂ ਤੋਂ ਸਥਾਪਿਤ ਵਿਸ਼ੇਸ਼ ਲੋੜਾਂ ਵਾਲੇ ਜੀਆਂ ਦੇ ਸ਼ਕਤੀਕਰਨ ਨਾਲ ਸੰਬੰਧਿਤ ਕੇਂਦਰ 'ਸੈਂਟਰ ਫਾਰ ਐਮਪਾਵਰਮੈਂਟ ਆਫ਼ ਪਰਸਨ ਵਿਦ ਡਿਸਬਿਲਟੀਜ਼' ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਉਥੇ ਹੀ ਦੂਜੇ ਪਾਸੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਨਵਾਂ ਕੇਂਦਰ ਸਥਾਪਤ ਕੀਤਾ ਗਿਆ ਹੈ ਜੋ ਕਿ ਇਨ੍ਹਾਂ ਜੀਆਂ ਦੀਆਂ ਉਚੇਰੀ ਸਿੱਖਿਆ ਸਬੰਧੀ ਵਿਸ਼ੇਸ਼ ਲੋੜਾਂ ਦੀ ਪੂਰਤੀ ਕਰੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਲੋਕ ਸਭ ਕੁਝ ਹੁੰਦੇ ਹੋਏ ਵੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਤੋਂ ਪੀੜਤ ਰਹਿੰਦੇ ਹਾਂ ਪਰੰਤੂ ਇਨ੍ਹਾਂ ਬੱਚਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ੍ਹੇ ਹੋਏ ਹਨ, ਸਾਨੂੰ ਇਨ੍ਹਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੀ ਇਸ ਇਕਰਾਰਨਾਮੇ ਮੌਕੇ ਮੌਜੂਦ ਰਹੇ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੈਬਨਿਟ ਮੰਤਰੀਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ 9 ਤਰ੍ਹਾਂ ਦੇ ਦਿਵਿਆਂਗ ਵਿਦਿਆਰਥੀਆਂ ਲਈ ਵਾਣੀ ਸਕੂਲ ਪੰਜਾਬੀ ਯੂਨੀਵਰਸਿਟੀ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਇੱਕ ਰਿਸੋਰਸ ਸੈਂਟਰ ਵਜੋਂ ਕੰਮ ਕਰੇਗਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮੌਕੇ ਬੋਲਦਿਆਂ ਬਲਬ ਦੀ ਖੋਜ ਕਰਨ ਵਾਲੇ ਐਡੀਸਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਸੇ ਨਾ ਕਿਸੇ ਵਿਸ਼ੇਸ਼ ਸਮਰੱਥਾ ਦੇ ਮਾਲਕ ਹੁੰਦੇ ਹਨ, ਅਤੇ ਇਹ ਬੱਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਿਤਵੇ ਰੰਗਲਾ ਪੰਜਾਬ ਦੇ ਵਿਸ਼ੇਸ਼ ਫੁੱਲ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਜਿਹੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਲਿਆ ਰਹੀ ਹੈ ਅਤੇ ਪਟਿਆਲਾ ਦਾ ਵਾਣੀ ਸਕੂਲ ਇਸੇ ਤਰਜ 'ਤੇ ਕੰਮ ਰਿਹਾ ਹੈ। ਉਨ੍ਹਾਂ ਵਾਣੀ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
ਅਪੰਗਤਾ ਸੰਬੰਧੀ ਅੰਤਰਰਾਸ਼ਟਰੀ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 'ਸੈਂਟਰ ਫਾਰ ਐਮਪਾਵਰਮੈਂਟ ਆਫ਼ ਪਰਸਨ ਵਿਦ ਡਿਸਬਿਲਟੀਜ਼' ਵੱਲੋਂ 'ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਪੇਸ਼ਨ (ਸਵੀਪ) ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਯੂਨੀਵਰਸਿਟੀ ਕੈਂਪਸ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਯੂਨੀਵਰਸਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਦਿੱਤੀਆਂ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਮੌਕੇ ਸਵੀਪ ਦੇ ਹਵਾਲੇ ਨਾਲ ਗੱਲ ਕਰਦਿਆਂ ਵਿਸ਼ੇਸ਼ ਲੋੜਾਂ ਵਾਲੇ ਜੀਆਂ ਨੂੰ ਉਚੇਚੇ ਤੌਰ ਉੱਤੇ ਸੰਬੋਧਿਤ ਹੁੰਦਿਆਂ ਕਿਹਾ ਕਿ ਉਹਨਾਂ ਨੂੰ ਹਰ ਹਾਲਤ ਵਿੱਚ ਆਪਣੀ ਵੋਟ ਰਜਿਸਟਰਡ ਕਰਵਾਉਣੀ ਚਾਹੀਦੀ ਹੈ। ਆਪਣੀ ਵੋਟ ਦੇ ਸ਼ਕਤੀਸ਼ਾਲੀ ਅਧਿਕਾਰ ਦੀ ਵਰਤੋਂ ਕਰਕੇ ਹੀ ਉਹ ਸਮਾਜ ਵਿੱਚ ਆਪਣੀ ਬਰਾਬਰੀ ਵਾਲੀ ਭਾਗੀਦਾਰੀ ਯਕੀਨੀ ਬਣਾ ਸਕਦੇ ਹਨ।
ਇਸ ਮੌਕੇ ਸੈਂਟਰ ਫਾਰ ਇੰਪਰੂਵਮੈਂਟ ਆਫ਼ ਪਰਸਨਜ਼ ਵਿਦ ਡਿਸਐਬਿਲਟੀਜ਼ ਦੇ ਕੋਆਰਡੀਨੇਟਰ ਡਾ. ਕਿਰਨ ਕੁਮਾਰੀ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਵਾਣੀ ਸਕੂਲ ਦੇ ਪ੍ਰਿੰਸੀਪਲ ਸੁਖਚੈਨ ਵਿਰਕ ਅਤੇ ਵੱਡੀ ਗਿਣਤੀ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ।