ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਮੁੱਖ ਕਾਰਜਕਾਰੀ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ ਨੇ ਦੱਸਿਆ ਕਿ ਜਿਹੜੇ ਨੌਜਵਾਨ ਭਾਰਤੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਉਹ ਨੌਜਵਾਨ 12ਵੀਂ ਤੋਂ ਬਾਅਦ ਐਨ.ਡੀ.ਏ. ਕਰਕੇ ਭਾਰਤੀ ਫੌਜ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐਨ.ਡੀ.ਏ. ਦੀ ਤਿਆਰੀ ਲਈ ਪੰਜਾਬ ਸਰਕਾਰ ਵੰਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰਾਪੇਟਰੀ ਇੰਸਟੀਚਿਊਟ ਬਣਾਇਆ ਗਿਆ ਹੈ। ਇਸ ਇੰਸਟੀਚਿਊਟ ਵਿੱਚ ਉਨ੍ਹਾਂ ਵਿਦਿਆਰਥੀਆਂ ਦੀ ਮੁਫਤ ਤਿਆਰੀ ਕਰਵਾਈ ਜਾਂਦੀ ਹੈ ਜੋ ਕਿ ਐਨਡੀ.ਏ. ਦੇ ਇਮਤਿਹਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਵਿਦਿਆਰਥੀਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਮੁਫਤ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਟਰੇਨਿੰਗ ਦੋ ਸਾਲ ਦੀ ਹੁੰਦੀ ਹੈ ਅਤੇ ਇਨ੍ਹਾਂ ਦੋ ਸਾਲਾਂ ਵਿੱਚ ਵਿਦਿਆਰਥੀਆਂ ਨੂੰ +1 ਅਤੇ +2 ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿੰਚ ਕੁੱਲ 48 ਸੀਟਾਂ ਹਨ ਜਿਨ੍ਹਾਂ ਲਈ ਦਾਖਲਾ ਟੈਸਟ ਦੇਣਾ ਪੈਂਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਇਹ ਇਮਤਿਹਾਨ 10ਵੀਂ ਦੇ ਵਿਦਿਆਰਥੀ ਦੇ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਦਾਖਲਾ ਲੈਣ ਲਈ ਪ੍ਰਾਰਥੀ ਦੀ ਉਮਰ ਮਿਤੀ 2 ਜੁਲਾਈ, 2007 ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਦਾਖਲਾ ਟੈਸਟ ਵਿੱਚ ਇੰਗਲਿਸ਼, ਮੈਥ ਤੇ ਸ਼ੋਸ਼ਲ ਸਟੱਡੀਜ਼ ਦੇ ਸਵਾਲ ਪੁੱਛੇ ਜਾਂਦੇ ਹਨ। ਚੁਣੇ ਹੋਏ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਟਰੇਨਿੰਗ ਦੌਰਾਨ ਪ੍ਰਾਰਥੀਆਂ ਨੂੰ +1 ਅਤੇ +2 ਮੋਹਾਲੀ ਤੋ ਕਰਵਾਈ ਜਾਂਦੀ ਹੈ। ਇਸ ਦੀ ਸਲਾਨਾਂ ਫੀਸ ਲਗਭਗ 56,000 ਰੁਪਏ ਬਣਦੀ ਹੈ ਜੋ ਕਿ ਤਿੰਨ ਕਿਸ਼ਤਾਂ ਵਿੱਚ ਭਰਵਾਈ ਜਾ ਸਕਦੀ ਹੈ। ਇਸ ਸੰਸਥਾ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ www.afpipunjab.org ਤੇ ਵਿਜ਼ਟ ਕੀਤਾ ਜਾ ਸਕਦਾ ਹੈ।