Tuesday, April 15, 2025

Malwa

ਪੰਜਾਬੀ ਯੂ-ਟਿਊਬਕਾਰ ਸਮਾਜ ਨੂੰ ਨਰੋਈ ਸੇਧ ਦੇਣ ਵਾਲੀਆਂ ਵੀਡੀਓਜ਼ ਬਣਾਉਣ : ਪ੍ਰੋ. ਪਾਤੜ

December 12, 2023 04:50 PM
SehajTimes

ਪਟਿਆਲਾ : ਅਜੋਕੇ ਸੋਸ਼ਲ ਮਾਧਿਅਮ ਦੇ ਯੁੱਗ ਵਿਚ ਘਰ ਬੈਠਿਆਂ ਹੀ ਗਿਆਨ ਪ੍ਰਾਪਤੀ ਦੇ ਅਨੇਕਾਂ ਵਸੀਲੇ ਮਿਲ ਰਹੇ ਹਨ। ਤਕਨੀਕੀ ਵਿਸ਼ਿਆਂ ’ਤੇ ਯੂ-ਟਿਊਬ ਰਾਹੀਂ ਸਿਖਲਾਈ ਲੈ ਕੇ ਨੌਜਵਾਨ ਰੁਜ਼ਗਾਰ ਹਾਸਲ ਕਰ ਚੁੱਕੇ ਹਨ ਪਰ ਯੂ-ਟਿਊਬ ’ਤੇ ਮਾੜੀ ਗੁਣਵੱਤਾ ਵਾਲੀਆਂ ਵੀਡੀਓਜ਼ ਦੀ ਬਹੁਤ ਵੱਡੀ ਗਿਣਤੀ ਹੈ ਜਿਸ ਦਾ ਨੌਜਵਾਨ ਪੀੜੀ ’ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਇਸ ਲਈ ਇਹ ਲਾਜ਼ਮੀ ਹੈ ਕਿ ਯੂ-ਟਿਊਬਕਾਰ ਸਮਾਜ ਨੂੰ ਨਰੋਈ ਸੇਧ ਦੇਣ ਵਾਲੀਆਂ ਵੀਡੀਓਜ਼ ਹੀ ਬਣਾਉਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਲਗਾਏ ਤਿੰਨ ਰੋਜ਼ਾ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਦੌਰਾਨ ਡੀਨ, ਖੋਜ ਪ੍ਰੋ. ਮਨਜੀਤ ਸਿੰਘ ਪਾਤੜ ਨੇ ਕੀਤਾ।

ਉਨ੍ਹਾਂ ਇਸ ਕੋਰਸ ਦੀ ਸਫਲਤਾ ਲਈ ਡਾ. ਸੀ ਪੀ ਕੰਬੋਜ ਦੇ ਯਤਨਾਂ ਦੀ ਪ੍ਰਸੰਸਾ ਕੀਤੀ। ਇਸ ਕਾਰਜਸ਼ਾਲਾ ਵਿਚ ਪੰਜਾਬ ਦੇ ਵੱਖ-ਵੱਖ ਕਾਲਜਾਂ, ਸਕੂਲਾਂ, ਸਰਕਾਰੀ ਵਿਭਾਗਾਂ ਤੋਂ ਇਲਾਵਾ ਦਿੱਲੀ ਅਤੇ ਅਮਰੀਕਾ ਦੇ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ। ਅਮਰੀਕਾ ਤੋਂ ਆਏ ਸ. ਹਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਬਹੁਤ ਚੰਗਾ ਉਪਰਾਲਾ ਹੈ ਤੇ ਹੁਣ ਉਹ ਆਪਣੇ ਫ਼ਿਲਮ ਨਿਰਮਾਣ ਦੇ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਕਰਨ ਦੇ ਯੋਗ ਹੋ ਗਿਆ ਹੈ। ਦਿੱਲੀ ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਨੌਜਵਾਨ ਸਿਮਰਨਜੀਤ ਸਿੰਘ ਮੱਕੜ ਦਾ ਕਹਿਣਾ ਸੀ ਕਿ ਉਹ ਹੁਣ ਯੂ-ਟਿਊਬ ਚੈਨਲ ਰਾਹੀਂ ਪੰਜਾਬੀ ਵਿਕਾਸ ਮੁਹਿੰਮ ਨੂੰ ਅੱਗੇ ਤੋਰੇਗਾ। ਕਾਰਜਸ਼ਾਲਾ ਵਿਚ ਵੱਖ-ਵੱਖ ਵਿਦਿਅਕ ਪਿਛੋਕੜ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਪੱਤਰਕਾਰ, ਯੂ-ਟਿਊਬਕਾਰ, ਸਕੂਲਾਂ ਤੇ ਕਾਲਜਾਂ ਦੇ ਅਧਿਆਪਕ, ਯੂਨੀਵਰਸਿਟੀ ਦੇ ਕਰਮਚਾਰੀ, ਸਰਕਾਰੀ ਵਿਭਾਗ ਦਾ ਇੰਜੀਨੀਅਰ, ਇਲੈਕਟ੍ਰੋਨਿਕ ’ਚ ਇੱਕ ਬੀਟੈੱਕ ਪਾਸ ਵਿਦਿਆਰਥੀ ਸਮੇਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਤੇ ਕਾਰਜਸ਼ਾਲਾ ਦੇ ਸੰਚਾਲਕ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਪੰਜਾਬੀ ਵਿਭਾਗ ਦੇ ਪ੍ਰੋ. ਗੁਰਮੁਖ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਵਿਸ਼ਿਆਂ ’ਤੇ ਸਿਖਲਾਈ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਪੰਜਾਬੀ ਯੂ-ਟਿਊਬਕਾਰੀ ’ਤੇ ਅਗਲੀ ਕਾਰਜਸ਼ਾਲਾ 14 ਦਸੰਬਰ ਨੂੰ ਲਗਾਈ ਜਾਵੇਗੀ ਜਿਸ ਵਿਚ ਭਾਗ ਲੈਣ ਲਈ ਵੈੱਬਸਾਈਟ   punjabicomputer.com  ’ਤੇ ਆਨ-ਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ।

Have something to say? Post your comment