ਪਟਿਆਲਾ : ਅੱਜ ਇਥੇ ਹਿੰਦੂ-ਸਿੱਖ ਭਾਈਚਾਰੇ ਦੇ ਸਾਂਝੇ ਧਾਰਮਿਕ ਅਸਥਾਨ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਇਕ ਵਿਅਕਤੀ ਵਲੋਂ ਬੇਅਦਬੀ ਕਰਨ ਦੀ ਕੋਸਿਸ ਕੀਤੀ ਗਈ, ਜਿਸ ਨੂੰ ਮੌਕੇ ‘ਤੇ ਮੌਜੂਦ ਮੰਦਰ ਦੇ ਪੁਜਾਰੀਆਂ ਤੇ ਸੁਰੱਖਿਆ ਅਮਲੇ ਵਲੋਂ ਮੁਸਤੈਦੀ ਵਰਤਦਿਆਂ ਨਾਕਾਮ ਕਰ ਦਿੱਤਾ।ਇਸ ਮਾਮਲੇ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਸਬੰਧਤ ਸਮਾਜ ਵਿਰੋਧੀ ਅਨਸਰ ਵਿਰੁੱਧ ਪੁਲਿਸ ਨੂੰ ਸਖ਼ਤ ਤੋਂ ਸਖਤ ਕਾਰਵਾਈ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਜਿਹੇ ਮਾਮਲਿਆਂ ਬਾਰੇ ਪਹਿਲਾਂ ਹੀ ਸਪੱਸ਼ਟ ਹੈ ਕਿ ਅਜਿਹੇ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਘਟਨਾ ਸਮੇਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਜਰੂਰੀ ਰੁਝੇਵਿਆਂ ਲਈ ਸ਼ਹਿਰ ਤੋਂ ਬਾਹਰ ਹੋਣ ਦੇ ਬਾਵਜੂਦ ਐਸ ਐਸ ਪੀ ਪਟਿਆਲਾ ਨਾਲ ਫੋਨ ‘ਤੇ ਤਾਲਮੇਲ ਵਿਚ ਸਨ। ਉਨ੍ਹਾਂ ਨੇ ਸੀਨੀਅਰ ਕਪਤਾਨ ਪੁਲਿਸ ਵਰੁਣ ਸ਼ਰਮਾ ਨੂੰ ਕਿਹਾ ਕਿ ਜੋ ਵੀ ਵਿਅਕਤੀ ਹਿੰਦੂ ਸਿੱਖ ਏਕਤਾ ‘ਚ ਪਾੜ ਤੇ ਵਖਰੇਵਾਂ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਜਾਂ ਕਿਸੇ ਵੀ ਧਾਰਮਿਕ ਅਸਥਾਨ ‘ਤੇ ਬੇਅਦਬੀ ਵਰਗੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ, ਉਸ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇ, ਕਿਉਂਜੋ ਅਜਿਹੇ ਮਾੜੇ ਅਨਸਰਾਂ ਲਈ ਜੇਲ੍ਹ ਤੋਂ ਬਾਹਰ ਕੋਈ ਜਗ੍ਹਾ ਨਹੀਂ ਹੈ।
ਵਿਧਾਇਕ ਕੋਹਲੀ ਨੇ ਸਮੂਹ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਾਂਤੀ ਬਣਾਈ ਰੱਖਣ, ਇਸ ਮਾਮਲੇ ‘ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ।ਵਿਧਾਇਕ ਨੇ ਕਿਹਾ ਕੇ ਉਹ ਸਮੁੱਚੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਏ ਮੁੜ ਤੋਂ ਸ਼ਾਂਤੀ ਦੀ ਅਪੀਲ ਕਰਦੇ ਹਨ ਅਤੇ ਇਹ ਬੇਨਤੀ ਵੀ ਕਰਦੇ ਹਨ ਕਿ ਇਸ ਮਾਮਲੇ ਚ ਕੋਈ ਵੀ ਲੋੜ ਹੋਵੇ ਤਾਂ ਉਹ ਸਮੁੱਚੇ ਹਿੰਦੂ ਸੰਗਠਨਾਂ ਅਤੇ ਸ਼ਰਧਾਲੂਆਂ ਦੇ ਨਾਲ ਖੜ੍ਹੇ ਹਨ।