ਪਟਿਆਲਾ : ਗੋਆ ਸਰਕਾਰ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪ੍ਰਸਿੱਧ ਭੌਤਿਕ ਵਿਗਿਆਨੀ ਪ੍ਰੋ. ਅਰਵਿੰਦ ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ। ਗੋਆ ਸਰਕਾਰ ਦੇ ਸਾਇੰਸ, ਟੈਕਨੌਲਜੀ ਐਂਡ ਵੇਸਟ ਮੈਨੇਜਮੈਂਟ ਨਾਲ਼ ਸੰਬੰਧਤ ਮਹਿਕਮੇ ਵੱਲੋਂ 13 ਦਸੰਬਰ ਨੂੰ ਰਾਜਧਾਨੀ ਪਣਜੀ ਵਿਖੇ ਕਰਵਾਏ ਗਏ ‘ਪੰਜਵੇਂ ਮਨੋਹਰ ਪਾਰੀਕਰ ਵਿਦਨਯਾਨ ਮਹਾਉਤਸਵ’ ਦੌਰਾਨ ਦੇਸ ਦੇ ਪ੍ਰਸਿੱਧ ਵਿਗਿਆਨੀਆਂ ਨੇ ਵੱਖ-ਵੱਖ ਵਿਗਿਆਨਕ ਵਿਸਿ਼ਆਂ ਉੱਤੇ ਆਪਣੇ ਵਿਚਾਰ ਪ੍ਰਗਟਾਏ।
ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ ਅਤੇ ਰੈਵਨਿਊ, ਲੇਬਰ ਐਂਡ ਵੇਸਟ ਮੈਨੇਜਮੈਂਟ ਮਹਿਕਮੇ ਦੇ ਮੰਤਰੀ ਸ਼੍ਰੀ. ਅਤਾਨਾਸੀਓ ਮੌਨਸੈਰੇਟ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਹ ਪ੍ਰੋਗਰਾਮ ਗੋਆ ਦੀ ਰਾਜਧਾਨੀ ਪਣਜੀ ਵਿਖੇ ਇੱਕੋ ਦਿਨ ਵਿੱਚ ਅੱਠ ਵੱਖ-ਵੱਖ ਥਾਵਾਂ ਉੱਤੇ ਹੋਇਆ। ਭਾਵ ਅੱਠ ਵੱਖ-ਵੱਖ ਥਾਵਾਂ ਉੱਤੇ ਵਿਗਿਆਨ ਅਤੇ ਇਸ ਨਾਲ਼ ਸੰਬੰਧਤ ਵੱਖ-ਵੱਖ ਪਸਾਰਾਂ ਉੱਤੇ ਸਮਾਨਾਂਤਰ ਅਕਾਦਮਿਕ ਸੈਸ਼ਨ ਚੱਲੇ।
ਪ੍ਰੋ. ਅਰਵਿੰਦ ਨੇ ਇਸ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਗਿਆਨ ਨੂੰ ਇਸ ਪੱਧਰ ਉੱਤੇ ਸਨਮਾਨ ਦੇਣਾ ਆਪਣੇ ਆਪ ਵਿੱਚ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਵਿਗਿਆਨੀਆਂ ਦੇ ਸਵਾਗਤ ਲਈ ਸ਼ਹਿਰ ਵਿੱਚ ਹੋਰਡਿੰਗ ਬੋਰਡ ਲਗਾ ਕੇ ਸਨਮਾਨ ਦਿੱਤਾ ਗਿਆ ਅਤੇ ਵਿਗਿਆਨੀਆਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ਼ ਪ੍ਰਚਾਰਿਆ ਗਿਆ, ਇਹ ਇੱਕ ਚੰਗਾ ਉਪਰਾਲਾ ਹੈ ਜੋ ਵਿਗਿਆਨ ਦੇ ਵਿਸ਼ੇ ਨੂੰ ਆਮ ਲੋਕਾਂ ਤੱਕ ਮਕਬੂਲ ਬਣਾਉਣ ਲਈ ਕਾਰਗਰ ਵਿਧੀ ਹੈ ਜ਼ਿਕਰਯੋਗ ਹੈ ਕਿ ਪ੍ਰੋ. ਅਰਵਿੰਦ ਨੇ ਰਾਜੀਵ ਗਾਂਧੀ ਕਲਾ ਮੰਦਰ, ਪੌਂਡਾ ਵਿਖੇ ਹੋਣ ਵਾਲੇ ਅਕਾਦਮਿਕ ਸੈਸ਼ਨ ਵਿੱਚ ਕੁਆਂਟਮ ਭੌਤਿਕ ਵਿਗਿਆਨ ਦੇ ਹਵਾਲੇ ਨਾਲ਼ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕੁਆਂਟਮ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਆਏ ਤਿੰਨ ਵੱਡੇ ਇਨਕਲਾਬਾਂ ਅਤੇ ਮੌਜੂਦਾ ਸਮੇਂ ਇਸ ਖੇਤਰ ਵਿੱਚ ਹੋ ਰਹੇ ਮਿਸਾਲੀ ਵਿਕਾਸ ਅਤੇ ਇਸ ਦੀ ਮਹੱਤਤਾ ਦੇ ਹਵਾਲੇ ਨਾਲ਼ ਆਪਣੀ ਗੱਲ ਰੱਖੀ। ਕੁਆਂਟਮ ਸੰਚਾਰ ਦੇ ਖੇਤਰ ਦੀਆਂ ਨਵੀਂਆਂ ਸੰਭਾਵਨਾਵਾਂ ਅਤੇ ਇਸ ਸੰਬੰਧੀ ਕੁਆਂਟਮ ਮਿਸ਼ਨ ਵਿੱਚ ਭਾਰਤ ਦੇ ਨਿਵੇਸ਼ ਸੰਬੰਧੀ ਪੱਖ ਇਸ ਚਰਚਾ ਦਾ ਵਿਸ਼ੇਸ਼ ਤੌਰ ਉੱਤੇ ਹਿੱਸਾ ਰਿਹਾ।
ਇਸ ਤੋਂ ਇਲਾਵਾ ਕੁਆਂਟਮ ਤਕਨਾਲੌਜੀ ਅਤੇ ਕੁਆਂਟਮ ਕੰਪਿਊਟਰਾਂ ਦੇ ਵਿਕਾਸ ਤੋਂ ਲੈ ਕੇ 2022 ਦੇ ਭੌਤਿਕ ਵਿਗਿਆਨ ਖੇਤਰ ਦੇ ਨੋਬਲ ਪੁਰਸਕਾਰ ਆਦਿ ਵਿਸਿ਼ਆਂ ਉੱਤੇ ਵੀ ਗੱਲ ਕੀਤੀ ਗਈ। ਇਹ ਪ੍ਰੋਗਰਾਮ ਗੋਆ ਰਾਜ ਦੇ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਇਨ੍ਹਾਂ ਮਹਿਕਮਿਆਂ ਵਿੱਚ ਉਚੇਰੀ ਸਿੱਖਿਆ ਮਹਿਕਮਾ, ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਡਾਇਰੈਕਟੋਰੇਟ ਆਫ਼ ਟੈਕਨੀਕਲ ਐਜੂਕੇਸ਼ਨ, ਸੂਚਨਾ ਅਤੇ ਪ੍ਰਚਾਰ ਮਹਿਕਮਾ, ਗੋਆ ਸਟੇਟ ਇਨੋਵੇਸ਼ਨ ਕੌਂਸਲ, ਗੋਆ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਅਤੇ ਸੈਂਟਰ ਫ਼ਾਰ ਐਨਵਾਇਰਨਮੈਂਟ ਐਜੂਕੇਸ਼ਨ ਸ਼ਾਮਿਲ ਸਨ।