ਸੁਨਾਮ : ਕੇਂਦਰ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਬੂਥ ਪੱਧਰ ਤੇ ਪ੍ਰਚਾਰਨ ਲਈ ਸ਼ੁਰੂ ਕੀਤੀ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਵਿਧਾਨ ਸਭਾ ਹਲਕਾ ਸੁਨਾਮ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਵੀਰਵਾਰ ਨੂੰ ਹਲਕੇ ਦੇ ਪਿੰਡਾਂ ਤੁੰਗਾਂ ਅਤੇ ਰਾਮਨਗਰ ਸਿਬੀਆਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਕੈਂਪ ਲਗਾਕੇ ਕੇਂਦਰ ਸਰਕਾਰ ਦੀਆਂ ਲੋਕਪੱਖੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੀਡੀਓ ਰਾਹੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਪਹਿਲਾਂ ਜਾਣੂੰ ਕਰਵਾਇਆ ਗਿਆ ਫਿਰ ਮੌਕੇ 'ਤੇ ਕੈਂਪ ਵਿੱਚ ਹਰ ਯੋਗ ਵਿਅਕਤੀ ਦੇ ਫਾਰਮ ਭਰੇ ਉਸ ਨੂੰ ਕੇਂਦਰ ਦੀ ਸਕੀਮ ਦਾ ਲਾਭ ਦਿੱਤਾ ਗਿਆ ਹੈ, ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਹੀ ਹੈ, ਹਰੇਕ ਵਿਅਕਤੀ ਤੱਕ ਸਰਕਾਰ ਦੀ ਹਰੇਕ ਸਕੀਮ ਦੀ ਸੁਵਿਧਾ ਪਹੁੰਚਾਉਣ ਦੀ ਜਿੰਮੇਵਾਰੀ ਹੁਣ ਕੇਂਦਰ ਸਰਕਾਰ ਨੇ ਇਸ ਵਿਕਸਤ ਭਾਰਤ ਸੰਕਲਪ ਯਾਤਰਾ ਦੇ ਰਾਹੀਂ ਚੁੱਕੀ ਹੈ ਤਾਂ ਜੋ ਭਾਰਤ ਦੇ ਕਿਸੇ ਕੋਨੇ ਵਿੱਚ ਵੀ ਕੋਈ ਵਿਅਕਤੀ ਕੇਂਦਰ ਸਰਕਾਰ ਦੀ ਸਕੀਮ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਹਰ ਸੰਬੰਧਿਤ ਮਹਿਕਮੇ ਨਾਲ ਅਫਸਰ ਆਪਣੀ ਡਿਊਟੀ ਦੇ ਰਹੇ ਹਨ ਅਤੇ ਪ੍ਰਸ਼ਾਸਨ ਦੇ ਨਾਲ ਇਸ ਕੈਂਪ ਵਿੱਚ ਸਾਡੀ ਟੀਮ ਵੀ ਬਿਠਾਈ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (5 ਲੱਖ ਫਰੀ ਇਲਾਜ ਵਾਲਾ ਕਾਰਡ), ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਗੈਸ ਸਿਲੰਡਰ ਯੋਜਨਾ), ਵਿਸ਼ਵਕਰਮਾ ਯੋਜਨਾ (ਕਿਰਤੀ ਕਾਮਿਆਂ ਲਈ ਲੋਨ ਯੋਜਨਾ) ਪੈਨਸ਼ਨਾਂ (ਬੁਢਾਪਾ, ਅੰਗਹੀਣ, ਵਿਧਵਾ) ਕਿਸਾਨ ਕ੍ਰੈਡਿਟ ਕਾਰਡ (1.50 ਲੱਖ ਦਾ ਲੋਨ), ਮੈਡੀਕਲ ਕਾਰਡ, ਅਧਾਰ ਕਾਰਡ ਵਿੱਚ ਦਰੁਸਤੀ ਦੇ ਫਾਰਮ, ਵੋਟ ਕਾਰਡ ਸਬੰਧੀ ਫਾਰਮ, ਆਦਿ ਸਕੀਮਾਂ ਦੇ ਫਾਰਮ ਭਰ ਕੇ ਅਤੇ ਫਰੀ ਮੈਡੀਕਲ ਚੈੱਕਅਪ, ਫਰੀ ਦਵਾਈਆਂ ਦੇ ਲੋਕਾਂ ਨੂੰ ਮੋਕੇ ਤੇ ਹੀ ਲਾਭ ਪਹੁੰਚਾਇਆ ਜਾ ਰਿਹਾ ਹੈ। ਮੈਡਮ ਬਾਜਵਾ ਨੇ ਕਿਹਾ ਕਿ ਹੁਣ ਤੱਕ 10 ਪਿੰਡਾਂ ਵਿੱਚ ਕੈੰਪ ਲਗਾ ਕੇ 745 ਲੋਕਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਹੀ ਹਲਕਾ ਸੁਨਾਮ ਦੇ ਹਰ ਇੱਕ ਪਿੰਡ ਵਿੱਚ ਇਸ ਸੰਕਲਪ ਯਾਤਰਾ ਰਾਹੀ ਕੈਂਪ ਲਗਾ ਕੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਇਆ ਜਾਵੇਗਾ।