ਫ਼ਤਹਿਗੜ੍ਹ ਸਾਹਿਬ : ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਵੱਲੋਂ ਆਮ ਆਦਮੀ ਕਲੀਨਿਕ ਸੋਨਾ ਕਾਸਟਿੰਗ , ਮੰਡੀ ਗੋਬਿੰਦਗੜ੍ਹ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਸਬ ਡਵੀਜ਼ਨਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਸੀਨੀਅਰ ਮੈਡੀਕਲ ਅਫਸਰ ਡਾ ਜੈਦੀਪ ਚਾਹਲ ਵੀ ਨਾਲ ਸਨ। ਚੈਕਿੰਗ ਦੌਰਾਨ ਉਹਨਾਂ ਸਟਾਫ ਦੀ ਹਾਜਰੀ ਚੈੱਕ ਕੀਤੀ ਅਤੇ ਆਮ ਆਦਮੀ ਕਲੀਨਿਕ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਕਲੀਨਿਕ ਵਿੱਚ ਆਏ ਮਰੀਜਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਆਮ ਆਦਮੀ ਕਲੀਨਿਕ ਦੇ ਕੰਮਕਾਰ ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਸਮੂਹ ਸਟਾਫ ਨੂੰ ਆਪੋ ਆਪਣੀ ਡਿਊਟੀ ਸਮੇਂ ਸਿਰ ਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ । ਉਨਾਂ ਫਲੂ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਵੱਲ ਵਿਸ਼ੇਸ਼ ਤਵੱਜੋ ਦੇਣ ਲਈ ਵੀ ਕਿਹਾ ਅਤੇ ਮਰੀਜ਼ਾਂ ਨੂੰ ਦਵਾਈਆਂ ਕਲੀਨਿਕ ਵਿੱਚੋਂ ਹੀ ਦੇਣ ਲਈ ਕਿਹਾ ਅਤੇ ਲੋੜੀਂਦੇ ਲੈਬਾਰਟਰੀ ਟੈਸਟ ਵੀ ਕਲੀਨਿਕ ਵਿੱਚ ਹੀ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਲੀਨਿਕ ਦੀ ਸਾਫ਼—ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਉਹਨਾ ਸਮੂਹ ਸਟਾਫ ਨੂੰ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਹਦਾਇਤ ਵੀ ਕੀਤੀ, ਤਾਂ ਜੋ ਆਮ ਲੋਕ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਸ ਮੌਕੇ ਤੇ ਡਾ ਜੰਨਤਵੀਰ ਕੌਰ, ਫਾਰਮਾਸਿਸਟ, ਕਲੀਨੀਕਲ ਅਸਿਸਟੈਂਟ ,ਕੁਆਰਡੀਨੇਟਰ ਜਸਵੀਰ ਸਿੰਘ, ਅਤੇ ਸਮੂਹ ਸਟਾਫ ਹਾਜ਼ਰ ਸੀ।