ਫਤਿਹਗੜ੍ਹ ਸਾਹਿਬ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਜਿਲਾ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ, ਬਲਾਕ ਪੀ.ਐਚ.ਸੀ ਅਤੇ ਸੀ.ਐਚ.ਸੀ ਵਿੱਚ ਫਲੂ ਕਾਰਨਰ ਸਥਾਪਤ ਕੀਤੇ ਗਏ ਹਨ ਇਨਾਂ ਹਸਪਤਾਲਾਂ ਦੀ ਓ.ਪੀ.ਡੀ ਵਿੱਚ ਫਲੂ ਵਰਗੇ ਲੱਛਣਾਂ ਜਿਵੇਂ ਬੁਖਾਰ, ਖੰਘ,ਜੁਕਾਮ ,ਗਲਾ ਖਰਾਬ ,ਸਾਹ ਦੀ ਤਕਲੀਫ ਵਾਲੇ ਆਉਣ ਵਾਲੇ ਸਾਰੇ ਮਰੀਜ਼ਾਂ ਦੀ ਨਿਯਮਤ ਜਾਂਚ ਕੀਤੀ ਜਾਵੇਗੀ ਤੇ ਆਕਸੀਜਨ ਲੈਵਲ ਵੀ ਚੈੱਕ ਕੀਤਾ ਜਾਵੇਗਾ ਅਤੇ ਸ਼ੱਕੀ ਮਰੀਜ਼ਾਂ ਦੀ ਸਵਾਈਨ ਫਲੂ ਅਤੇ ਕੋਵਿਡ ਦੀ ਪੁਸ਼ਟੀਕਾਰਕ ਜਾਂਚ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ ਨੇ ਕਿਹਾ ਕਿਸਵਾਈਨ ਫਲੂ ਤੋਂ ਡਰਨ ਦੀ ਲੋੜ ਨਹੀ ਸਿਰਫ ਕੁਝ ਸਾਵਧਾਨੀਆਂ ਵਰਤ ਕੇ ਇਸ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਸਵਾਇਨ ਫਲੂ ਐਚ1.ਐਨ1 ਨਾਂ ਦੇ ਵਿਸ਼ੇਸ਼ ਵਾਇਰਸ ਨਾਲ ਹੁੰਦਾ ਹੈ ਜੋ ਸਾਹ ਰਾਹੀਂ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫੈਲਦਾ ਹੈ ਤੇ ਇਸ ਬਿਮਾਰੀ ਵਿੱਚ ਤੇਜ ਬੁਖਾਰ, ਖੰਘ ,ਜੁਕਾਮ, ਛਿੱਕਾਂ, ਨੱਕ ਵਗਣਾ, ਗਲੇ ਵਿੱਚ ਖਾਰਿਸ਼, ਸਾਹ ਲੈਣ ਵਿੱਚ ਮੁਸ਼ਕਲ, ਛਾਤੀ ਵਿੱਚ ਦਰਦ, ਥੁੱਕ ਵਿੱਚ ਖੂਨ, ਦਸਤ, ਸਰੀਰ ਦਾ ਟੁੱਟਣਾ ਆਦਿ ਲੱਛਣ ਹੋ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਤੁਸੀਂ ਘਰ ਜਾਂ ਕਿਤੇ ਬਾਹਰ ਅਜਿਹੇ ਲੱਛਣਾਂ ਵਾਲੇ ਵਿਅਕਤੀ ਨੂੰ ਵੇਖਦੇ ਹੋ ਤਾਂ ਤੁਰੰਤ ਆਪਣੇ ਨਜਦੀਕ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।
ਸਿਵਲ ਸਰਜਨ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਵਾਇਨ ਫਲੂ ਦਾ ਇਲਾਜ ਅਤੇ ਦਵਾਈਆਂ ਮੁਫਤ ਉਪਲਬਧ ਹਨ । ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੰਘਣ ਜਾਂ ਛਿਕਣ ਸਮੇਂ ਆਪਣੇ ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖਣ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋ ਲੈਣ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ ਕਰਨ ,ਖੁੱਲੇ ਵਿੱਚ ਨਾ ਥੁਕਿਆ ਜਾਵੇ, ਫਲੂ ਵਰਗੇ ਲੱਛਣਾਂ ਤੋਂ ਪੀੜਤ ਵਿਅਕਤੀ ਤੋਂ ਉਚਿੱਤ ਦੂਰੀ ਬਣਾ ਕੇ ਰੱਖੀ ਜਾਵੇ ।ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ,ਜਿਲਾ ਐਪੀਡਮੋਲੋਜਿਸਟ ਡਾ ਗੁਰਪ੍ਰੀਤ ਕੌਰ, ਡਾ ਦੀਪਤੀ, ਡਾ ਸੰਪਨ,ਡਾ ਯੋਗਿਤਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਮਾਈਕਰੋ ਬੁਆਲੋਜਿਸਟ ਸੰਦੀਪ ਸਿੰਘ ਕੈਂਥ, ਸੁਨੀਲ ਕੁਮਾਰ ਆਦਿ ਹਾਜਰ ਸਨ ।