ਮਾਲੇਰਕੋਟਲਾ : ਸਥਾਨਕ ਸਰਕਾਰੀ ਕਾਲਜ ਵਿਖੇ ਚੱਲ ਰਹੇ ਚਾਰ ਰੋਜ਼ਾ ਸੂਫ਼ੀ ਫੈਸਟੀਵਲ ਨੇ ਉਸ ਵੇਲੇ ਆਪਣੀ ਸ਼ਿਖਰ ਨੂੰ ਛੋਹ ਲਿਆ ਜਦੋਂ " ਸੂਫ਼ੀਆਨਾ ਮੁਸ਼ਾਇਰਾ " ਵਿੱਚ ਵੱਖ ਵੱਖ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਵਾਹ ਵਾਹ ਕਹਿਣ ਲਈ ਮਜਬੂਰ ਕਰ ਦਿੱਤਾ। ਅੱਜ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸ਼ਾਇਰਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਸ਼ਮਾਂ ਰੌਸ਼ਨ ਕਰਨ ਤੋਂ ਬਾਅਦ ਸੰਬੋਧਨ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੂਫ਼ੀ ਸੰਗੀਤ ਨੂੰ ਮੁੜ ਸੁਰਜੀਤ ਕਰਨ ਲਈ ਜਗਾਈ ਗਈ ਜੋਤ ਹੁਣ ਬੁਝਣ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਇੱਛਾ ਮੁਤਾਬਿਕ ਬਣਨ ਵਾਲੇ ਰੰਗਲੇ ਪੰਜਾਬ ਵਿੱਚ ਸੂਫ਼ੀ ਅਤੇ ਹੋਰ ਸਾਰੇ ਰੰਗ ਭਰੇ ਜਾਣਗੇ। ਪੰਜਾਬੀਆਂ ਨੂੰ ਆਪਣੇ ਰੰਗਲੇ ਪੰਜਾਬ ਉੱਤੇ ਪੂਰਾ ਮਾਣ ਹੋਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦਾ ਸਹਿਯੋਗ ਕਰਨ। ਇਸ ਮੌਕੇ ਉਹਨਾਂ ਨੇ ਆਪਣੇ ਅਖਤਿਆਰੀ ਖਾਤੇ ਵਿੱਚੋਂ ਡਾ.ਰੁਬੀਨਾ ਸ਼ਬਨਮ, ਮੀਨਾ ਮਹਿਰੋਕ,ਸ਼ਹਿਨਾਜ਼ ਭਾਰਤੀ,ਜ਼ਫ਼ਰ ਅਹਿਮਦ ਜ਼ਫ਼ਰ (ਸੁਫ਼ੀਆਨਾ ਕਲਾਮ ਪੜ੍ਹਨ) ਤੇ 50-50 ਹਜ਼ਾਰ ਪ੍ਰਤੀ ਸ਼ਾਇਰ ਦੇਣ ਦਾ ਐਲਾਨ ਵੀ ਕੀਤਾ। ਬਾਕੀ ਰਹਿੰਦੇ ਸ਼ਾਇਰਾਂ (ਡਾ. ਮੁਹੰਮਦ ਰਫ਼ੀ ,ਡਾ.ਸਲੀਮ ਜ਼ੁਬੇਰੀ,ਇਫ਼ਤਖ਼ਾਰ ਸ਼ੇਖ,ਅਜ਼ਮਲ ਖ਼ਾਨ ਸੇ਼ਰਵਾਨੀ,ਰਮਜਾਨ ਸਈਦ,ਅਨਵਾਰ ਆਜ਼ਰ,ਜ਼ਮੀਰ ਅਲੀ ਜ਼ਮੀਰ,) ਨੂੰ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਆਉਂਣ ਦਾ ਸੱਦਾ ਦਿੱਤਾ।
ਇਸ ਦੌਰਾਨ " ਸੂਫ਼ੀਆਨਾ ਮੁਸ਼ਾਇਰਾ " ਵਿੱਚ ਸੂਫੀਇਜਮ ਬਾਰੇ ਡਾ.ਮੁਹੰਮਦ ਇਕਬਾਲ ਅਤੇ ਡਾ ਮੁਹੰਮਦ ਜਮੀਲ ਨੇ ਖੋਜ ਪੱਤਰ ਪੇਸ਼ ਕੀਤੇ। ਇਸ ਤੋਂ ਇਲਾਵਾ ਡਾ.ਰੁਬੀਨਾ ਸ਼ਬਨਮ ਅਤੇ ਡਾ. ਮੁਹੰਮਦ ਰਫ਼ੀ, ਡਾ. ਸਲੀਮ ਜ਼ੁਬੈਰੀ, ਇਫਤਖਾਰ ਸ਼ੇਖ਼,ਜ਼ਫ਼ਰ ਅਹਿਮਦ ਜ਼ਫ਼ਰ, ਜ਼ਮੀਰ ਅਲੀ ਜ਼ਮੀਰ,ਅਜਮਲ ਖ਼ਾਨ ਸ਼ੇਰਵਾਨੀ,ਰਮਜ਼ਾਨ ਸਯਦ ,ਅਨਵਰ ਆਜ਼ਰ,ਸਾਜਿਦ ਇਸਹਾਕ,ਸ਼ਾਹਿਨਾਜ਼ ਭਾਰਤੀ ਆਪਣੇ ਕਲਾਮ ਪੇਸ਼ ਕੀਤੇ । ਇਨ੍ਹਾਂ ਤੋਂ ਇਲਾਵਾ ਵਨੀਤ ਖ਼ਾਨ ਅਤੇ ਸਲਾਮਤ ਅਲੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਨੇ ਦੱਸਿਆ ਕਿ ਸਮਾਗਮ ਦੀ ਸਮਾਪਤੀ ਮਿਤੀ 17 ਦਸੰਬਰ ਦਿਨ ਐਤਵਾਰ ਨੂੰ " ਜਸ਼ਨ –ਏ-ਸੂਫੀਆਨਾ ਕਲਾਮ "ਨਾਲ ਹੋਵੇਗੀ, ਜਿਸ ਵਿੱਚ ਮਾਸਟਰ ਸਲੀਮ ਅਤੇ ਸਰਦਾਰ ਅਲੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ ਅਤੇ ਪਰਵੇਜ਼ ਝਿੰਜਰ,ਆਬਿਦ ਅਲੀ,ਅਰਹਮ ਇਕਬਾਲ ਅਤੇ ਮੁਹੰਮਦ ਅਨੀਸ਼ ਵੀ ਆਪਣੇ ਹੁਨਰ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਅੰਤਿਮ ਦਿਨ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਾਚਾਰੀ ਵਿਭਾਗ ਦੇ ਕੈਬਨਿਟ ਮੰਤਰੀ ਪੰਜਾਬ ਮੋਹਤਰਮਾ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ। ਅੱਜ ਦੇ ਦਿਨ ਵਿਧਾਇਕ ਮਹਿਲ ਕਲ੍ਹਾ ਸ੍ਰੀ ਕੁਲਵੰਤ ਸਿੰਘ ਪੰਡੋਰੀ, ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਓਰ ਰਹਿਮਾਨ, ਏ.ਆਈ.ਜੀ ਪੰਜਾਬ ਸ੍ਰੀ ਗੋਰਵ ਤੁਰਾ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਉਕਤ ਤੋਂ ਇਲਾਵਾ ਐਸ.ਡੀ.ਐਮ. ਸ੍ਰੀਮਤੀ ਅਪਰਨਾ ਐਮ ਬੀ ,ਐਸ.ਡੀ.ਐਮ. ਅਹਿਮਦਗੜ੍ਹ ਸ੍ਰੀ ਹਰਬੰਸ ,ਐਸ.ਡੀ.ਐਮ.ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।