ਪਟਿਆਲਾ (Patiala): ਕਣਕ ਦੀ ਸਰਕਾਰੀ ਖਰੀਦ ਦੇ ਅੱਜ ਦੂਜੇ ਦਿਨ 37682 ਮੀਟਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਜਦੋਂਕਿ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 29225 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ ਅਤੇ ਹੁਣ ਤੱਕ ਕੁਲ 50305 ਮੀਟਰਿਕ ਟਨ ਕਣਕ ਮੰਡੀਆਂ 'ਚ ਆ ਚੁੱਕੀ ਹੈ, ਜਿਸ ਵਿੱਚੋਂ 29750 ਮੀਟਰਿਕ ਟਨ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਕਣਕ ਦੀ ਜਿਣਸ ਦੀ ਖਰੀਦ ਪੂਰੇ ਇਹਤਿਆਤ ਨਾਲ ਕੀਤੀ ਜਾ ਰਹੀ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਅੱਜ ਦੂਜੇ ਦਿਨ ਜ਼ਿਲ੍ਹੇ ਦੀਆਂ 101 ਮੰਡੀਆਂ 'ਚ ਕਣਕ ਦੀ ਭਰਵੀਂ ਆਮਦ ਦਰਜ ਕੀਤੀ ਗਈ ਕਿਸਾਨਾਂ ਨੂੰ ਪਹਿਲਾਂ ਜਾਰੀ ਕੂਪਨਾਂ ਜਰੀਏ ਹੀ ਕਿਸਾਨ ਆਪਣੀ ਫ਼ਸਲ ਮੰਡੀਆਂ 'ਚ ਲੈਕੇ ਪੁੱਜੇ। ਮੰਡੀਆਂ ਦੇ ਗੇਟਾਂ 'ਤੇ ਤਾਇਨਾਤ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੇ ਕਿਸਾਨਾਂ ਦੇ ਹੱਥ ਸੈਨੇਟਾਈਜ ਕਰਵਾਏ ਅਤੇ ਬਾਅਦ ਵਿੱਚ ਉਨ੍ਹਾਂ ਦਾ ਕੂਪਨ ਦੇਖਣ ਮਗਰੋਂ ਕਣਕ ਦੀ ਨਮੀ ਚੈਕ ਕਰਕੇ ਹੀ ਮੰਡੀ ਦੇ ਅੰਦਰ ਜਾਣ ਦਿੱਤਾ ਗਿਆ।
ਲਿੰਕ ਨੂੰ ਕਲਿਕ ਕਰੋ ਤੇ ਇਹ ਵੀ ਖ਼ਬਰ ਪੜ੍ਹੋ : ਕਿਸਾਨ ਤੇ ਆੜ੍ਹਤੀ ਇੱਕ ਦੂਜੇ ਦੇ ਪੂਰਕ: ਮੱਛਲੀਕਲਾਂ
ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਅੱਜ ਦੂਜੇ ਦਿਨ 62 ਮੰਡੀਆਂ 'ਚ 29225 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ, ਜਿਸ 'ਚੋਂ ਪਨਗਰੇਨ ਵੱਲੋਂ 7792 ਮੀਟਰਿਕ ਟਨ, ਮਾਰਕਫੈਡ ਵੱਲੋਂ 6753 ਮੀਟਰਿਕ ਟਨ, ਪਨਸਪ ਵੱਲੋਂ 6945 ਮੀਟਰਿਕ ਟਨ, ਵੇਅਰ ਹਾਊਸ ਵੱਲੋਂ 7565 ਮੀਟਰਿਕ ਟਨ ਅਤੇ ਐਫ.ਸੀ.ਆਈ ਵੱਲੋਂ 170 ਮੀਟਰਿਕ ਟਨ ਦੀ ਖ਼ਰੀਦ ਕੀਤੀ ਗਈ ਹੈ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੰਡੀਆਂ ਵਿੱਚ ਇਕੱਠ ਹੋਣ ਤੋਂ ਬਚਾਅ ਕਰਨ ਲਈ ਜ਼ਿਲ੍ਹੇ ਅੰਦਰ 352 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 110 ਮੰਡੀਆਂ, 212 ਰਾਈਸ ਮਿੱਲਾਂ ਅਤੇ 30 ਜਨਤਕ ਸਥਾਨਾਂ 'ਤੇ ਖ਼ਰੀਦ ਕੇਂਦਰ ਬਣਾਏ ਗਏ ਹਨ।