ਮਾਲੇਰਕੋਟਲਾ : ਸਿੱਖ ਵਿਰੋਧੀ ਤਾਕਤਾਂ ਤੋਂ ਪੰਥ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਕੁੱਝ ਤਾਕਤਾਂ ਪੰਥ ਨੂੰ ਖੇਰੂੰ-ਖੇਰੂੰ ਕਰਨਾ ਚਾਹੁੰਦੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਸਥਿਤ ਪਿੰਡ ਮਾਣਕਵਾਲ ਜਿਸ ਨੂੰ ਮਾਣਕਹੇੜੀ ਵੀ ਕਿਹਾ ਜਾਂਦਾ ਹੈ, ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਸ. ਇਕਬਾਲ ਸਿੰਘ ਝੂੰਦਾਂ ਨੇ ਕੀਤਾ। ਅਕਾਲੀ ਆਗੂ ਸ. ਮਨਦੀਪ ਸਿੰਘ ਮਾਣਕਵਾਲ ਦੀ ਅਗਵਾਈ ਹੇਠ ਜੁੜੇ ਇਸ ਇਕੱਠ ਵਿਚ ਬੀਬੀਆਂ ਦੀ ਚੋਖੀ ਗਿਣਤੀ ਹਾਜ਼ਰ ਹੋਈ। ਸ. ਇਕਬਾਲ ਸਿੰਘ ਝੂੰਦਾਂ ਨੇ ਆਖਿਆ ਕਿ ਪੰਥ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ-ਖੇਰੂੰ ਕਰਨਾ ਚਾਹੁੰਦੀਆਂ ਹਨ। ਗੁਰਦੁਆਰਾ ਪ੍ਰਬੰਧ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਕੇ ਪੰਥ ਨੂੰ ਹਾਸ਼ੀਏ ਉਪਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਰਕਾਰਾਂ ਲਗਾਤਾਰ ਪੰਥ ਵਿਰੋਧੀ ਫ਼ੈਸਲੇ ਲੈ ਰਹੀਆਂ ਹਨ। ਕੋਈ ਵੀ ਅਜਿਹੀ ਰਾਸ਼ਟਰੀ ਪਾਰਟੀ ਨਹੀਂ ਜਿਹੜੀ ਪੰਜਾਬ ਅਤੇ ਪੰਥ ਹਿਤੈਸ਼ੀ ਹੋਵੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿਤਾ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਅਕਾਲੀ ਦਲ ਨਾਲ ਜੁੜ ਕੇ, ਪੰਜਾਬ ਅਤੇ ਸਿੱਖ ਸੰਸਥਾਵਾਂ ਨੂੰ ਬਚਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਹਲਕਾ ਮਾਲੇਰਕੋਟਲਾ ਦੀ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਅਤੇ ਹੁਣ ਆਮ ਆਦਮੀ ਪਾਰਟੀ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਅਤੇ ਉਨ੍ਹਾਂ ਨੂੰ ਲੁਭਾਉਣ ਲਈ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰ ਸਕਦੀ ਹੈ ਪਰ ਔਰਤਾਂ ਨੂੰ ਉਦੋਂ ਤੋਂ ਇਕ ਹਜ਼ਾਰ ਰੁਪਏ ਦੇ ਹਿਸਾਬ ਨਾਲ ਸਾਰਾ ਪੈਸਾ ਮਿਲਣਾ ਚਾਹੀਦਾ ਹੈ ਜਦ ਤੋਂ ਇਹ ਸਰਕਾਰ ਹੋਂਦ ਵਿਚ ਆਈ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦਿਤਾ ਜਾਵੇਗਾ ਪਰ ਦੋ ਸਾਲ ਲੰਘ ਜਾਣ ਦੇ ਬਾਵਜੂਦ ਹਾਲੇ ਤਕ ਇਸ ਪਾਰਟੀ ਨੇ ਅਪਣਾ ਇਹ ਵਾਅਦਾ ਪੂਰਾ ਨਹੀਂ ਕੀਤਾ।
ਇਹ ਝੂਠੇ ਲੋਕਾਂ ਦੀ ਸਰਕਾਰ ਹੈ ਅਤੇ ਕਦਮ-ਕਦਮ ਉਤੇ ਇਸ ਪਾਰਟੀ ਦੇ ਨੇਤਾ ਝੂਠ ਬੋਲਦੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਪੰਜਾਬੀਆਂ ਦੀ ਹਮਦਰਦ ਇਕੋ-ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਅਕਾਲੀ ਦੀਆਂ ਸਰਕਾਰਾਂ ਦੌਰਾਨ ਹੀ ਪੰਜਾਬ ਦਾ ਵਿਕਾਸ ਹੋਇਆ ਹੈ। ਪਿਛਲੀਆਂ ਅਕਾਲੀ ਸਰਕਾਰਾਂ ਨੇ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦਾ ਰਿਕਾਰਡ ਤੋੜ ਵਿਕਾਸ ਕੀਤਾ ਸੀ। ਪੰਜਾਬੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਅਪਣੀ ਹਮਦਰਦ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਦਾ ਨਿਰਮਾਣ ਕਰਨ ਤਾਕਿ ਦਿੱਲੀ ਦੇ ਬਾਹਰੀ ਨੇਤਾਵਾਂ ਦੀਆਂ ਜ਼ਿਆਦਤੀਆਂ ਬੰਦ ਕੀਤੀਆਂ ਜਾ ਸਕਣ। ਝਾੜੂ ਦੀ ਸਰਕਾਰ ਨੇ ਗ਼ਰੀਬਾਂ ਦੇ ਨੀਲੇ ਕਾਰਡ ਰੱਦ ਕਰ ਦਿਤੇ। ਰਜਿਸਟਰੀਆਂ ਬੰਦ ਕਰ ਦਿਤੀਆਂ। ਮੁਲਾਜ਼ਮਾਂ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਮੰਡੀਆਂ ਵਿਚ ਰੋਲਿਆ ਜਾ ਰਿਹਾ ਹੈ। ਜਿਹੜੇ ਅਦਾਰੇ ਅਤੇ ਬੋਰਡ ਕਿਸਾਨਾਂ, ਮਜ਼ਦੂਰਾਂ, ਔਰਤਾਂ, ਕਮਜ਼ੋਰ ਤੇ ਪਛੜੇ ਵਰਗਾਂ ਦੀ ਤਰੱਕੀ ਲਈ ਗਠਤ ਕੀਤੇ ਗਏ ਸਨ, ਉਨ੍ਹਾਂ ਸਾਰਿਆਂ ਨੂੰ ਜਾਂ ਤਾਂ ਬੰਦ ਕੀਤਾ ਜਾ ਰਿਹਾ ਹੈ ਜਾਂ ਫਿਰ ਉਨ੍ਹਾਂ ਦੇ ਬਜਟ ਵਿਚ ਕਟੌਤੀ ਕੀਤੀ ਜਾ ਰਹੀ ਹੈ।
ਸੰਗਤ ਨੇ ਸ. ਇਕਬਾਲ ਸਿੰਘ ਝੂੰਦਾਂ ਅਤੇ ਬੀਬਾ ਜ਼ਾਹਿਦਾ ਸੁਲੇਮਾਨ ਦਾ ਸਿਰੋਪਾਉ ਨਾਲ ਸਨਮਾਨ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ। ਬੀਬੀਆਂ ਦਾ ਕਹਿਣਾ ਸੀ ਕਿ ਝਾੜੂ ਪਾਰਟੀ ਨੇ ਕੋਰਾ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕੀਤਾ ਸੀ ਪਰ ਹੁਣ ਲੋਕ ਸਮਝ ਚੁੱਕੇ ਹਨ ਅਤੇ ਝਾੜੂ ਦੀ ਸਰਕਾਰ ਨੂੰ ਭਜਾਉਣ ਲਈ ਤਿਆਰ ਬੈਠੇ ਹਨ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ, ਸ. ਦਰਸ਼ਨ ਸਿੰਘ ਝਨੇਰ, ਸ. ਜਸਪਾਲ ਸਿੰਘ ਧਲੇਰ ਖ਼ੁਰਦ, ਜਥੇਦਾਰ ਹਰਬੰਸ ਸਿੰਘ ਮਹੌਲੀ, ਸਾਬਕਾ ਸਰਪੰਚ ਸ. ਬਹਾਦਰ ਸਿੰਘ ਮਹੌਲੀ ਕਲਾਂ, ਚੌਧਰੀ ਮੁਹੰਮਦ ਸ਼ਮਸ਼ਾਦ, ਉਦਯੋਗਪਤੀ ਮੁਹੰਮਦ ਮਹਿਮੂਦ ਗੋਲਡਨ ਅਤੇ ਹੋਰ ਅਨੇਕਾਂ ਅਕਾਲੀ ਵਰਕਰ ਵੀ ਹਾਜ਼ਰ ਸਨ। ਇਸ ਤੋਂ ਬਾਅਦ ਫ਼ਿਰੋਜ਼ਪੁਰ ਕੁਠਾਲਾ ਵਿਖੇ ਸਾਬਕਾ ਸਰਪੰਚ ਜਥੇਦਾਰ ਰਘਬੀਰ ਸਿੰਘ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਸ. ਇਕਬਾਲ ਸਿੰਘ ਝੂੰਦਾਂ, ਬੀਬਾ ਜ਼ਾਹਿਦਾ ਸੁਲੇਮਾਨ, ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ ਅਤੇ ਗੁਰਮੇਲ ਸਿੰਘ ਕੁਠਾਲਾ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਸ. ਰਘਬੀਰ ਸਿੰਘ ਦੇ ਦਿਹਾਂਤ ਉਤੇ ਅਫ਼ਸੋਸ ਪ੍ਰਗਟ ਕਰਦਿਆਂ ਪਰਵਾਰ ਨਾਲ ਇਕਜੁਟ ਦਾ ਪ੍ਰਗਟਾਵਾ ਕੀਤਾ।