ਤਪਾ/ਬਰਨਾਲਾ : ਕਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਜ਼ਿਲਾ ਬਰਨਾਲਾ ਵਿਚ ਜ਼ੋਰਾਂ ’ਤੇ ਹੈ, ਜਿਸ ਤਹਿਤ ਸਿਹਤ ਕੇਂਦਰਾਂ ਤੋਂ ਇਲਾਵਾ ਵੱਖ ਵੱਖ ਥਾਈਂ ਕੈਂਪ ਲਾ ਕੇ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਾਈ ਜਾ ਰਹੀ ਹੈ।
ਇਸ ਮੁਹਿੰਮ ਤਹਿਤ ਲੋਕ ਜਾਗਰੂਕ ਹੋਣ ਲੱਗੇ ਹਨ ਅਤੇ ਟੀਕਾਕਰਨ ਲਈ ਅੱਗੇ ਆ ਰਹੇ ਹਨ। ਇਸ ਦੌਰਾਨ ਦਫਤਰ ਨਗਰ ਕੌਂਸਲ ਤਪਾ ਵਿਖੇ ਲੱਗੇ ਕੈਂਪ ਵਿੱਚ ਗੁੱਗਾ ਮਾੜੀ ਵਾਸੀ 96 ਸਾਲਾ ਸੁਰਜੀਤ ਕੌਰ ਅਤੇ ਉਸ ਦੇ 92 ਸਾਲਾ ਪਤੀ ਕਿ੍ਰਸ਼ਨ ਸਿੰਘ ਨੇ ਵੈਕਸੀਨ ਲਵਾਈ। ਇਹ ਬਜ਼ੁਰਗ ਜੋੜਾ ਰਿਕਸ਼ੇ ’ਤੇ ਕੈਂਪ ਵਿੱਚ ਪੁੱਜਿਆ। ਬਜ਼ੁਰਗ ਜੋੜੇ ਵੱਲੋਂ ਟੀਕਾਕਰਨ ਪ੍ਰਤੀ ਦਿਖਾਏ ਉਤਸ਼ਾਹ ਲਈ ਐਸਡੀਐਮ ਵਰਜੀਤ ਵਾਲੀਆ ਵੱਲੋਂ ਦੋਹਾਂ ਦਾ ਸਨਮਾਨ ਕੀਤਾ ਗਿਆ। ਉਨਾਂ ਸਿਹਤ ਵਿਭਾਗ ਦੀ ਟੀਮ ਦਾ ਵੀ ਸਨਮਾਨ ਕੀਤਾ ਜੋ ਹਫਤੇ ਦੇ ਸੱਤੇ ਦਿਨ ਇਸ ਸੇਵਾ ਵਿਚ ਜੁਟੇ ਹੋਏ ਹਨ। ਉਨਾਂ ਕਿਹਾ ਕਿ ਇਸ ਉਮਰੇ ਬਜ਼ੁਰਗ ਜੋੜੇ ਦਾ ਖੁਦ ਕੈਂਪ ਵਿਚ ਆਉਣਾ ਅਤੇ ਟੀਕਾਕਰਨ ਕਰਵਾਉਣਾ ਬਾਕੀਆਂ ਲਈ ਵੀ ਉਦਾਹਰਨ ਹੈ।
ਟੀਕਾਕਰਨ ਮਗਰੋਂ ਸੁਰਜੀਤ ਕੌਰ ਅਤੇ ਕਿਸ਼ਨ ਸਿੰਘ ਨੇ ਆਖਿਆ ਕਿ ਉਹ ਦੋਵੇਂ ਬਿਲਕੁਲ ਠੀਕ ਠਾਕ ਹਨ ਅਤੇ ਮਹਾਮਾਰੀ ਤੋਂ ਆਪਣੇ ਆਪ ਤੇ ਪਰਿਵਾਰ ਦੇ ਭਲੇ ਖਾਤਰ ਟੀਕਾ ਜ਼ਰੂਰ ਲਵਾਉਣਾ ਚਾਹੀਦਾ ਹੈ।
ਇਸ ਮੌਕੇ ਐਸਡੀਐਮ ਵਰਜੀਤ ਵਾਲੀਆ ਨੇ ਦੱਸਿਆ ਕਿ ਨਗਰ ਕੌਂਸਲ ਦਫਤਰ ਤਪਾ ਸਣੇ ਬਰਨਾਲਾ ਅਤੇ ਤਪਾ ਸਬ ਡਿਵੀਜ਼ਨਾਂ ਵਿਚ ਰੋਜ਼ਾਨਾ ਪੱਧਰ ’ਤੇ ਟੀਕਾਕਰਨ ਕੈਂਪ ਲਾਏ ਜਾ ਰਹੇ ਹਨ। ਉਨਾਂ ਕਿਹਾ ਕਿ ਨਗਰ ਕੌਂਸਲ ਤਪਾ ਵਿਚ ਕੈਂਪ ਦੌਰਾਨ ਹੁਣ ਤੱਕ 450 ਤੋਂ ਵੱਧ ਵਿਅਕਤੀਆਂ ਵੱਲੋਂ ਟੀਕਾਕਰਨ ਕਰਵਾਇਆ ਜਾ ਚੁੱਕਿਆ ਹੈ।
ਹੁਣ ਤੱਕ 31,293 ਖੁਰਾਕਾਂ ਵੈਕਸੀਨ ਲੱਗੀ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ 18 ਅਪਰੈਲ ਤੱਕ 31,293 ਖੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ, ਜਿਸ ਵਿਚੋਂ 2724 ਖੁਰਾਕਾਂ ਸਿਹਤ ਕਰਮੀਆਂ, 6821 ਫਰੰਟ ਲਾਈਨ ਵਰਕਰਾਂ ਤੇ 21748 ਖੁਰਾਕਾਂ ਵੈਕਸੀਨ 45 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਲਾਈ ਜਾ ਚੁੱਕੀ ਹੈ। ਉਨਾਂ ਕਿਹਾ ਕਿ ਲੋਕ ਜਾਗਰੂਕ ਹੋਏ ਹਨ ਅਤੇ ਟੀਕਾਕਰਨ ਲਈ ਅੱਗੇ ਆ ਰਹੇ ਹਨ, ਜਿਸ ਸਦਕਾ ਕੈਂਪਾਂ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।