ਸੁਨਾਮ : ਅਯੁੱਧਿਆ ਵਿੱਚ ਉਸਾਰੇ ਗਏ ਸ਼੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਮੌਕੇ ਮਾਤਾ ਸੀਤਾ ਦੀ ਚਰਨ ਛੋਹ ਪ੍ਰਾਪਤ ਸੁਨਾਮ ਸ਼ਹਿਰ ਪੂਰੀ ਤਰ੍ਹਾਂ ਰਾਮਮਈ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸੀਤਾਸਰ ਧਾਮ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਮੁੜ ਉਸੇ ਸਥਾਨ ਤੇ ਸੰਪੰਨ ਹੋਈ। ਸ਼ਹਿਰ ਨੂੰ ਸੁੰਦਰ ਗੇਟਾਂ ਨਾਲ ਸਜਾਇਆ ਗਿਆ ਅਤੇ ਸੰਗਤਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ। ਕਈ ਕਿਲੋਮੀਟਰ ਲੰਮੀ ਸ਼ੋਭਾ ਯਾਤਰਾ ਵਿੱਚ ਅਟੁੱਟ ਸ਼ਰਧਾ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ। ਖੂਬਸੂਰਤ ਝਾਂਕੀਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਭਗਵਾਨ ਰਾਮ, ਮਹਾਦੇਵ ਸ਼ਿਵ ਅਤੇ ਲਵ ਕੁਸ਼ ਦੀਆਂ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਭਗਵਾਨ ਰਾਮ ਦੀ ਮੂਰਤੀ ਨੂੰ ਸਥਾਪਿਤ ਕਰਨ ਲਈ ਕੱਢੀ ਗਈ ਇਸ ਵਿਸ਼ਾਲ ਰਾਮ ਯਾਤਰਾ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ, ਭਾਜਪਾ ਆਗੂ ਦਾਮਨ ਥਿੰਦ ਬਾਜਵਾ, ਹਰਮਨਦੇਵ ਸਿੰਘ ਬਾਜਵਾ ਤੇ ਵਿਨੋਦ ਗੁਪਤਾ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਰਾਜਿੰਦਰ ਦੀਪਾ, ਘਨਸ਼ਿਆਮ ਕਾਂਸਲ, ਅਨਿਲ ਜੁਨੇਜਾ ਤੇ ਗੌਰਵ ਜਨਾਲੀਆ ਸਮੇਤ ਹੋਰਨਾਂ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਰਾਮ ਯਾਤਰਾ ਦੌਰਾਨ ਪਟਾਕੇ ਚਲਾਏ ਗਏ, ਗੁਲਾਲ ਦੀ ਹੋਲੀ ਖੇਡੀ ਗਈ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਮਠਿਆਈਆਂ ਵੰਡੀਆਂ ਗਈਆਂ। ਹਜ਼ਾਰਾਂ ਔਰਤਾਂ ਨੇ ਹੱਥਾਂ ਵਿੱਚ ਰਾਮ ਨਾਮ ਦੇ ਝੰਡੇ ਫੜੇ ਹੋਏ ਸਨ ਅਤੇ ਨੌਜਵਾਨਾਂ ਨੇ ਹੱਥਾਂ ਵਿੱਚ ਮਸ਼ਾਲਾਂ ਫੜੀਆਂ ਹੋਈਆਂ ਸਨ। ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਫੁੱਲ, ਗੁਬਾਰੇ, ਰੰਗ-ਬਿਰੰਗੀਆਂ ਚੂੜੀਆਂ ਵੱਖਰਾ ਹੀ ਮਾਹੌਲ ਸਿਰਜ ਰਹੀਆਂ ਸਨ। ਅਯੁੱਧਿਆ ਤੋਂ ਲਿਆਂਦੀ ਗਈ ਪਵਿੱਤਰ ਜੋਤ ਦੇ ਸ਼ਰਧਾਲੂ ਅਕੀਦਤ ਨਾਲ ਦਰਸ਼ਨ ਕਰ ਰਹੇ ਸਨ। ਇਸ ਮੌਕੇ ਸੀਤਾਸਰ ਮੰਦਰ ਕਮੇਟੀ ਤੋਂ ਇਲਾਵਾ ਦਰਜਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੁਨੀਤਾ ਸ਼ਰਮਾ, ਮਾਸਟਰ ਸ਼ਾਮ ਲਾਲ, ਅਜੇ ਮਸਤਾਨੀ, ਈਸ਼ਵਰ ਗਰਗ, ਦਿਨੇਸ਼ ਮੋਦੀ , ਜੈ ਧਵਾਜ, ਕੈਫੀ ਅਧਲੱਖਾ ਸਮੇਤ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।