ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਅਤੇ ਪੰਜਾਬੀ ਵਿਭਾਗ ਵੱਲੋਂ 30 ਜਨਵਰੀ ਤੋਂ 03 ਫ਼ਰਵਰੀ 2024 ਤੱਕ ਚੱਲਣ ਵਾਲੇ 'ਪੁਸਤਕ ਮੇਲੇ ਅਤੇ ਸਾਹਿਤ ਉਤਸਵ' ਦਾ ਪੋਸਟਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਅਤੇ ਰਜਿਸਟਰਾਰ ਪ੍ਰੋਫੈਸਰ ਨਵਜੋਤ ਕੌਰ ਵੱਲੋਂ ਜਾਰੀ ਕੀਤਾ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਇਹ ਪੰਜ-ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਆਪਣੀ ਵਿਲੱਖਣ ਪਛਾਣ ਬਣਾ ਚੁੱਕਾ ਹੈ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਡਾ. ਪਰਮਜੀਤ ਕੌਰ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ 30 ਜਨਵਰੀ, 2024 ਨੂੰ ਉਦਘਾਟਨੀ ਸਮਾਰੋਹ ਸਵੇਰੇ 10:30 ਵਜੇ, ਪੰਡਾਲ ਵਾਲੀ ਮੁੱਖ ਸਟੇਜ ਵਿਖੇ ਆਰੰਭ ਹੋਵੇਗਾ। ਮੇਲੇ ਦਾ ਉਦਘਾਟਨ ਸ.ਗੁਰਮੀਤ ਸਿੰਘ ਖੁੱਡੀਆਂ, ਮਾਣਯੋਗ ਖੇਤੀਬਾੜੀ ਮੰਤਰੀ, ਪੰਜਾਬ ਸਰਕਾਰ ਕਰਨਗੇ। ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਹੋਣਗੇ ਅਤੇ ਮੁੱਖ ਭਾਸ਼ਣ ਡਾ.ਧਨਵੰਤ ਕੌਰ ਵੱਲੋਂ ਦਿੱਤਾ ਜਾਵੇਗਾ। ਇਸ ਉਦਘਾਟਨੀ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਕਰਮਜੀਤ ਅਨਮੋਲ ਪ੍ਰਸਿੱਧ ਪੰਜਾਬੀ ਫ਼ਿਲਮ ਅਦਾਕਾਰ ਅਤੇ ਗਾਇਕ ਸ਼ਾਮਿਲ ਹੋਣਗੇ। ਮਾਣਯੋਗ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਇਸ ਸਮਾਗਮ ਵਿੱਚ ਧੰਨਵਾਦੀ ਸ਼ਬਦ ਡੀਨ ਭਾਸ਼ਾਵਾਂ ਪ੍ਰੋਫ਼ੈਸਰ ਰਾਜੇਸ਼ ਕੁਮਾਰ ਸ਼ਰਮਾ ਸਾਂਝੇ ਕਰਨਗੇ। ਇਸ ਮੇਲੇ ਵਿੱਚ ਸੌ ਤੋਂ ਵੱਧ ਪ੍ਰਕਾਸ਼ਕ ਸ਼ਾਮਿਲ ਹੋ ਰਹੇ ਹਨ। ਇਸ ਤੋਂ ਬਿਨਾਂ ਮੇਲੇ ਵਿੱਚ ਹਰ ਰੋਜ਼ ਚਾਰ ਸੈਸ਼ਨ ਰੂਬਰੂ, ਪੈਨਲ ਚਰਚਾ ਅਤੇ ਸੰਗੀਤਕ ਸ਼ਾਮ ਦੇ ਹੋਣਗੇ।
ਸਾਹਿਤ ਕਲਾ ਅਤੇ ਸੱਭਿਆਚਾਰ ਦੀਆਂ ਅਹਿਮ ਸਖਸ਼ੀਅਤਾਂ ਜਿਵੇਂ ਰਜਿੰਦਰ ਪਾਲ ਸਿੰਘ ਬਰਾੜ, ਆਤਮ ਰੰਧਾਵਾ, ਕਵੀ ਗੁਰਪ੍ਰੀਤ ਮਾਨਸਾ, ਨਲਨੀ ਮਲਹੋਤਰਾ, ਵਿਧੂ ਮੋਹਨ, ਮਨਦੀਪ ਕੌਰ, ਅਦਿੱਤਿਆ ਬਹਲ, ਮਹਾਜਨ ਚੱਕਰਵਰਤੀ, ਅਮਰਦੀਪ ਗਿੱਲ, ਜਸਦੀਪ, ਅਮਿਤੋਜ ਮਾਨ, ਹਮੀਰ ਸਿੰਘ,ਰਾਜੇਸ਼ ਕੁਮਾਰ ਸ਼ਰਮਾ, ਧਨੰਜੇ ਚੌਹਾਨ, ਕਿਰਨ ਕੁਮਾਰੀ ਹਰਪਿੰਦਰ ਰਾਣਾ, ਜ਼ੋਰਾਵਰ ਸਿੰਘ, ਜਗਦੀਪ ਸਿੰਘ,ਸਤੀਸ਼ ਕੁਮਾਰ ਵਰਮਾ, ਚਰਨਜੀਤ ਕੌਰ, ਬੂਟਾ ਸਿੰਘ ਬਰਾੜ, ਸਰਬਜੀਤ ਸਿੰਘ, ਜਸਵੰਤ ਜਫਰ, ਸੇਵਕ ਸਿੰਘ, ਈਸ਼ਵਰ ਦਿਆਲ ਗੌੜ, ਦਵਿੰਦਰ ਸ਼ਰਮਾ, ਬਲਦੇਵ ਧਾਲੀਵਾਲ, ਅਭਿਰਾਜ ਰਜਿੰਦਰ ਮਿਸ਼ਰ, ਨਾਟਕਕਾਰ ਪਾਲੀ ਭੁਪਿੰਦਰ, ਸੁਖਵਿੰਦਰ ਅੰਮ੍ਰਿਤ ਆਦਿ ਅਲੱਗ-ਅਲੱਗ ਬੈਠਕਾਂ ਵਿੱਚ ਵਿਚਾਰ ਸਾਂਝੇ ਕਰਨਗੇ। ਪੋਸਟਰ ਜਾਰੀ ਕਰਨ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਨੇ ਸ਼ਮੂਲੀਅਤ ਕੀਤੀ।