ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਵਿੱਚ ਸਾਬਕਾ ਤਕਨੀਕੀ ਸਿੱਖਿਆ ਮੰਤਰੀ ਮੰਤਰੀ ਜਗਦੀਸ਼ ਸਿੰਘ ਗਰਚਾ ’ਤੇ ਐਫ਼.ਆਈ.ਆਰ. ਦਰਜ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਗਲਾਡਾ ਦਾ 14.33 ਕਰੋੜ ਰੁਪਏ ਦਾ ਬਕਾਇਆ ਨਾ ਦੇਣ ਦੇ ਮਾਮਲੇ ਵਿੱਚ ਵਿਭਾਗ ਨੇ ਉਨ੍ਹਾਂ ਵਿਰੁੱਧ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ। ਜਿਸ ਦੇ ਆਧਾਰ ’ਤੇ ਪੁਲਿਸ ਨੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੀ ਧਾਰਾ 36(1) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਗਰਚਾ ਨੇ ਲਲਤੋਂ ਕਲਾਂ ਵਿੱਚ ਆਪਣੀ ਫ਼ਰਮ ਜੀਐਸ ਟਾਊਨਸ਼ਿਪ ਰਾਹੀਂ 24 ਦਸੰਬਰ 2010 ਵਿਚ ਕਲੋਨੀ ਕਰਾਊਨ ਟਾਊਨ ਵਿਕਸਤ ਕਰਨ ਲਈ ਲਾਇਸੰਸ ਪ੍ਰਾਪਤ ਕੀਤਾ ਸੀ ਜਿਸ ਦੀ ਮਿਆਦ 23 ਦਸੰਬਰ 2013 ਤੱਕ ਸੀ ਪਰ ਫ਼ਰਮ ਨੇ ਆਪਣਾ ਲਾਇਸੰਸ ਨਵਿਆਇਆ ਨਹੀਂ ਜਿਸ ਕਾਰਨ ਫ਼ਰਮ ਵੱਲ ਲਾਇਸੰਸ ਦੀ ਫ਼ੀਸ ਅਤੇ ਜੁਰਮਾਨਾ ਵਿਆਜ ਸਮੇਤ ਕੁੱਲ 14.33 ਕਰੋੜ ਰੁਪਏ ਬਕਾਇਆ ਹਨ। ਦੂਜੇ ਪਾਸੇ ਜਗਦੀਸ਼ ਸਿੰਘ ਗਰਚਾ ਦੇ ਪੁੱਤਰ ਹਰਜਿੰਦਰ ਸਿੰਘ ਨੇ ਦਸਿਆ ਕਿ ਸਾਡੀ ਫ਼ਰਮ ਦਾ ਦਿੱਲੀ ਦੀ ਇਕ ਫ਼ਰਮ ਅਰਥ ਇਨਫ਼ਰਾਸਟਰੱਕਚਰ ਨਾਲ ਸਮਝੌਤਾ ਹੋਇਆ ਸੀ ਪਰ ਆਰਥਿਕ ਅਪਰਾਧ ਸ਼ਾਖਾ ਨੇ ਕੁੱਝ ਹੋਰ ਮਾਮਲਿਆਂ ਵਿੱਚ ਅਰਥ ਵਿਵਸਥਾ ਵਿਰੁਧ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਬਾਅਦ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਾਲੋਨੀ ਵਿੱਚ ਪਲਾਟ ਦੀ ਖ਼ਰੀਦੋ ਫ਼ਰੋਖ਼ਤ ’ਤੇ ਪਾਬੰਦੀ ਲਗਾ ਦਿੱਤੀ ਸੀ। ਹਰਜਿੰਦਰ ਸਿੰਘ ਨੇ ਦਸਿਆ ਕਿ ਗਲਾਡਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਾਇਸੰਸ ਫ਼ੀਸ ਅਤੇ ਹੋਰ ਜ਼ੁਰਮਾਨਿਆਂ ਬਾਰੇ ਸੂਚਨਾਵਾਂ ਭੇਜੀਆਂ ਸਨ ਜਿਸ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਥਿਤੀ ਸਪੱਸ਼ਟ ਕਰ ਦਿੱਤੀ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਅਸੀਂ ਫ਼ੀਸ ਅਤੇ ਹੋਰ ਚਾਰਜ਼ਿਜ ਜਮ੍ਹਾ ਨਹੀਂ ਕਰਵਾ ਸਕਦੇ। ਉਨ੍ਹਾਂ ਕਿਹਾ ਕਿ ਸਾਰੇ ਬਕਾਏ ਕਲੀਅਰ ਕਰਨ ਲਈ ਤਿਆਰ ਹਨ ਪਰ ਤਕਨੀਕੀ ਤੌਰ ਤੇ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।