ਮਾਲੇਰਕੋਟਲਾ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮਹਾਨ ਯੋਧਿਆਂ, ਮਾਈ ਭਾਗੋ -ਮਹਿਲਾ ਸਸ਼ਕਤੀ ਕਰਨ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਨੇ ਅੱਜ ਜ਼ਿਲ੍ਹੇ ਦੀਆਂ ਸੜਕਾਂ 'ਤੇ ਆ ਕੇ ਲੋਕਾਂ 'ਤੇ ਡੂੰਘੀ ਛਾਪ ਛੱਡਦਿਆਂ ਨੌਜਵਾਨਾਂ ਅਤੇ ਸਥਾਨਕ ਨਿਵਾਸੀਆਂ ਦਾ ਦਿਲ ਮੋਹਿਆ । ਜ਼ਿਲ੍ਹੇ ਦੀ ਸਬਡਵੀ ਜਨ ਅਮਰਗੜ੍ਹ ਦੇ ਸਦਰ ਮੁਕਾਮ ਵਿੱਚ ਦਾਖ਼ਲ ਹੋਣ ’ਤੇ ਸ੍ਰੀ ਮਤੀ ਪਰਮਿੰਦਰ ਕੌਰ ਮੰਡੇਰ (ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਪਤਨੀ ) ਦੀ ਅਗਵਾਈ ਵਿੱਚ ਸਥਾਨਕ ਲੋਕਾਂ ਵੱਲੋਂ ਝਾਕੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮਤੀ ਸੁਰਿੰਦਰ ਕੌਰ ਵੀ ਮੌਜੂਦ ਸਨ । ਸ੍ਰੀ ਮਤੀ ਪਰਮਿੰਦਰ ਕੌਰ ਮੰਡੇਰ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਬੇਮਿਸਾਲ ਹੈ । ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੌਮੀ ਗਣਤੰਤਰ ਦਿਵਸ ਲਈ ਤਿਆਰ ਕੀਤੀਆਂ ਝਾਕੀਆਂ, ਜਿਨ੍ਹਾਂ ਨੂੰ ਉੱਥੇ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਨੂੰ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ । ਇਨ੍ਹਾਂ ਝਾਕੀਆਂ ਨੇ ਪੰਜਾਬ ਦੇ ਮਹਾਨ ਯੋਧਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ , ਡਾਕਟਰ ਦੀਵਾਨ ਸਿੰਘ ਕਾਲੇਪਾਣੀ , ਸ੍ਰੀ ਮਦਨ ਲਾਲ ਢੀਂਗਰਾ , ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ (ਪਗੜੀ ਸੰਭਾਲ ਜੱਟਾ ), ਬਾਬਾ ਖੜਕ ਸਿੰਘ, ਜਲ੍ਹਿਆਂ ਵਾਲੇ ਬਾਗ ਦੀ ਗਾਥਾ, ਮਹਾਨ ਨਾਰੀ ਯੋਧਾ ਮਾਈ ਭਾਗੋ ਅਤੇ ਪੰਜਾਬੀ ਸੱਭਿਆਚਾਰ ਜਿਵੇਂ ਫੁਲਕਾਰੀ ਆਦਿ ਨੂੰ ਦਰਸਾਇਆ ਗਿਆ। ਕੁਝ ਸਮਾਂ ਠਹਿਰਣ ਉਪਰੰਤ ਝਾਕੀਆਂ ਆਗਲੇ ਸਫਰ ਅਮਰਗੜ੍ਹ ਤੋਂ ਅਹਿਮਦਗੜ੍ਹ ਬਾਇਆ ਸੰਦੋੜ ਲਈ ਰਵਾਨਾਂ ਹੋਇਆ । ਇਨ੍ਹਾਂ ਝਾਕੀਆਂ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਅਤੇ ਰਸਤੇ ਵਿੱਚ ਆਮ ਲੋਕ ਇਨ੍ਹਾਂ ਝਾਕੀਆਂ ਨਾਲ ਸੈਲਫੀ ਵੀ ਲੈਦੇ ਦਿਖਾਈ ਦਿੱਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਝਾਕੀਆਂ ਰਾਹੀਂ ਦਰਸਾਇਆ ਜਾ ਰਿਹਾ ਮਹਾਨ ਇਤਿਹਾਸ ਅਤੇ ਸੱਭਿਆਚਾਰ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲਾਹੇਵੰਦ ਸਾਬਤ ਹੋਵੇਗਾ ।