ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਸਿਖਿਆਰਥੀ ਸਭਾ ਵੱਲੋਂ ‘ਕੁਆਂਟਮ ਭੌਤਿਕ ਵਿਗਿਆਨ ਕੀ ਹੈ’? ਵਿਸ਼ੇ ਉੱਤੇ ਪਲੇਠਾ ਭਾਸ਼ਣ ਕਰਵਾਇਆ ਗਿਆ। ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਹੋਏ ਪ੍ਰੋਗਰਾਮ ਵਿੱਚ ਪ੍ਰਸਿੱਧ ਭੌਤਿਕ ਵਿਗਿਆਨੀ ਅਤੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇਹ ਭਾਸ਼ਣ ਦਿੱਤਾ। ਪ੍ਰੋ. ਅਰਵਿੰਦ ਨੇ ਆਪਣੇ ਭਾਸ਼ਣ ਵਿੱਚ ਇਸ ਵਿਸ਼ੇ ਬਾਰੇ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਿਗਿਆਨਕ ਪਹੁੰਚ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ 21ਵੀਂ ਸਦੀ ਦੇ ਜਿਸ ਦੌਰ ਵਿੱਚ ਅਸੀਂ ਵਿਚਰ ਰਹੇ ਹਾਂ ਤਾਂ ਕੁਆਂਟਮ ਭੌਤਿਕ ਵਿਗਿਆਨ ਜਿਹੇ ਵਿਸ਼ੇ ਬੜੀ ਤੇਜ਼ੀ ਨਾਲ਼ ਅੱਗੇ ਵਧ ਰਹੇ ਹਨ। ਸਾਨੂੰ ਇਨ੍ਹਾਂ ਵਿਸਿ਼ਆਂ ਨੂੰ ਬਰੀਕੀ ਨਾਲ਼ ਸਮਝਣ ਅਤੇ ਜਾਣਨ ਦੀ ਲੋੜ ਹੈ ਤਾਂ ਕਿ ਸਮੇਂ ਨਾਲ਼ ਬਰ ਮੇਚ ਕੇ ਬਿਹਤਰ ਅਤੇ ਰੌਸ਼ਨ ਭਵਿੱਖ ਵੱਲ ਵਧ ਸਕੀਏ। ਇਹ ਭਾਸ਼ਣ ਖਾਸ ਕਰ ਕੇ ਵਿਗਿਆਨ ਨਾਲ਼ ਸੰਬੰਧ ਨਾ ਰੱਖਣ ਵਾਲੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਕਰਵਾਇਆ ਗਿਆ ਸੀ
ਤਾਂ ਕਿ ਉਹ ਵੀ ਇਸ ਵਿਸ਼ੇ ਬਾਰੇ ਬੁਨਿਆਦੀ ਜਾਣਕਾਰੀ ਹਾਸਲ ਕਰ ਸਕਣ।ਭਾਸ਼ਣ ਉਪਰੰਤ ਸਿਖਿਆਰਥੀਆਂ ਅਤੇ ਪ੍ਰੋ. ਅਰਵਿੰਦ ਦਰਮਿਆਨ ਇਸ ਵਿਸ਼ੇ ਉੱਪਰ ਸਵਾਲ-ਜਵਾਬ ਦਾ ਲੰਬਾ ਸਿਲਸਿਲਾ ਚੱਲਿਆ ਜਿਸ ਦੌਰਾਨ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ ਬਾਰੇ ਬਹੁਤ ਸਾਰੀ ਜਾਣਕਾਰੀ ਉੱਘੜ ਕੇ ਸਾਹਮਣੇ ਆਈ। ਪ੍ਰੋਗਰਾਮ ਦਾ ਮੰਚ ਸੰਚਾਲਨ ਸਿਖਿਆਰਥੀ ਸਭਾ ਕੋਰ ਕਮੇਟੀ ਦੇ ਮੈਂਬਰ ਸੋਢੀ ਸਾਹਿਬ ਸਿੰਘ ਵੱਲੋਂ ਕੀਤਾ ਗਿਆ। ਸਿਖਿਆਰਥੀ ਸਭਾ ਦੇ ਕਨਵੀਨਰ ਡਾ. ਕੁਲਬੀਰ ਸਿੰਘ ਬਾਦਲ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ। ਇਸ ਮੌਕੇ ਉਪ-ਕੁਲਪਤੀ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਮਾਨ ਤੋਂ ਇਲਾਵਾ ਸਿਖਿਆਰਥੀ ਸਭਾ ਦੇ ਸਲਾਹਕਾਰ ਬੋਰਡ ਦੇ ਮੈਂਬਰ ਪ੍ਰੋਫ਼ੈਸਰ ਮੇਹਰ ਸਿੰਘ ਗਿੱਲ ਅਤੇ ਡਾ. ਪ੍ਰਿਤਪਾਲ ਸਿੰਘ ਵੀ ਹਾਜ਼ਰ ਰਹੇ। ਹਾਜ਼ਰ ਹੋਣ ਵਾਲ਼ੀਆਂ ਹੋਰ ਸ਼ਖ਼ਸੀਅਤਾਂ ਵਿੱਚ ਡਾ. ਗੁਰਮੀਤ ਸਿੰਘ ਸਿੱਧੂ, ਡਾ. ਬਲਜੀਤ ਕੌਰ, ਡਾ. ਰਾਜਿੰਦਰ ਲਹਿਰੀ, ਡਾ. ਮੁਹੰਮਦ ਇਦਰੀਸ, ਡਾ. ਮੰਡ, ਡਾ. ਜਸਪਾਲ ਕੌਰ ਧੰਜੂ, ਡਾ. ਰਵਨੀਤ ਕੌਰ, ਡਾ.ਪਰਮਿੰਦਰਜੀਤ ਕੌਰ, ਕੋਰ ਕਮੇਟੀ ਮੈਂਬਰ ਰਵਿੰਦਰ ਕੁਮਾਰ, ਡਾ. ਆਸ਼ਾ ਕਿਰਨ, ਗੁਰਜੀਤ ਗਿੱਲ, ਹਰਜੀਤ ਸਿੰਘ, ਸਤਨਾਮ ਸਾਦਿਕ, ਦਵਿੰਦਰ ਕੁਮਾਰ, ਦਰਸ਼ਨ ਸਿੰਘ ਤੇ ਸਤਿਗੁਰ ਸਿੰਘ ਸ਼ਾਮਿਲ ਸਨ।