ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਕੰਪਿਊਟਰੀਕਰਣ ਦੀ ਦਿਸ਼ਾ ਵਿੱਚ ਇੱਕ ਹੋਰ ਪੜਾਅ ਪਾਰ ਕਰ ਲਿਆ ਹੈ। ਪ੍ਰੀਖਿਆ ਸ਼ਾਖਾ ਦੀਆਂ ਦੋਵੇਂ ਇਮਾਰਤਾਂ ਵਿੱਚ ਨੈੱਟਵਰਕਿੰਗ ਦਾ ਕਾਰਜ ਮੁਕੰਮਲ ਹੋ ਗਿਆ ਗਿਆ ਹੈ। ਬੀਤੀ ਸ਼ਾਮ ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਦੀ ਅਗਵਾਈ ਵਿੱਚ ਪ੍ਰੀਖਿਆ ਸ਼ਾਖਾ ਦੀ ਟੀਮ ਵੱਲੋਂ ਸਿੰਡੀਕੇਟ ਰੂਮ ਵਿੱਚ ਉਪ-ਕੁਲਪਤੀ ਪ੍ਰੋ. ਅਰਵਿੰਦ ਨੂੰ ਇਸ ਸੰਬੰਧੀ ਇੱਕ ਡੈਮੋ ਦਿੱਤਾ ਗਿਆ। ਪ੍ਰੋ. ਅਰਵਿੰਦ ਨੇ ਪ੍ਰੀਖਿਆ ਸ਼ਾਖਾ ਦੀ ਸਮੁੱਚੀ ਟੀਮ ਅਤੇ ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪ੍ਰੀਖਿਆ ਸ਼ਾਖਾ ਦੇ ਕੰਮ ਕਾਜ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਦਿਨ-ਬ-ਦਿਨ ਇਸ ਕੰਮ ਵਿੱਚ ਬਿਹਤਰੀ ਆ ਰਹੀ ਹੈ ਜਿਸ ਨਾਲ਼ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਹੱਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੀ ਪ੍ਰੀਖਿਆ ਪ੍ਰਣਾਲ਼ੀ ਨੂੰ ਵਿਦਿਆਰਥੀ ਕੇਂਦਰਿਤ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰਦੀ ਰਹੇਗੀ। ਨਾਲ਼ ਹੀ ਉਨ੍ਹਾਂ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਕੰਪਿਊਟਰੀਕਰਣ ਨਾਲ਼ ਕਿਸੇ ਵੀ ਕਰਮਚਾਰੀ ਦੀ ਨੌਕਰੀ ਨੂੰ ਕੋਈ ਖਤਰਾ ਨਹੀਂ ਪੈਦਾ ਹੋਵੇਗਾ। ਉਨ੍ਹਾਂ ਸਮੁੱਚੇ ਕਰਮਚਾਰੀਆਂ ਨੂੰ ਕੰਪਿਊਟਰ ਸਿਖਲਾਈ ਦਿਵਾਉਣ ਬਾਰੇ ਵੀ ਹਦਾਇਤ ਦਿੱਤੀ। ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ ਨੈੱਟਵਰਕਿੰਗ ਦਾ ਇਹ ਸਾਰਾ ਕਾਰਜ ਯੂਨੀਵਰਸਿਟੀ ਦੇ ਕੰਪਿਊਟਰ ਸੈਂਟਰ ਵੱਲੋਂ ਖ਼ੁਦ ਹੀ ਕੀਤਾ ਗਿਆ ਹੈ। ਸਿਰਫ਼ ਨੈੱਟਵਰਕਿੰਗ ਨਾਲ਼ ਸੰਬੰਧਤ ਸਮਾਨ ਹੀ ਬਜ਼ਾਰ ਤੋਂ ਖਰੀਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਪ੍ਰਵਾਨਗੀ ਨਾਲ਼ ਇਸ ਮਕਸਦ ਲਈ ਲੋੜੀਂਦੇ ਕੰਪਿਊਟਰ, ਯੂ. ਪੀ. ਐੱਸ. ਅਤੇ ਪ੍ਰਿੰਟਰ ਮੁਹੱਈਆ ਕਰਵਾ ਦਿੱਤੇ ਗਏ ਸਨ ਜੋ ਕਿ ਪ੍ਰੀਖਿਆ ਸ਼ਾਖਾ ਦੇ ਸਾਰੇ ਸੈੱਟਾਂ ਉੱਤੇ ਸਥਾਪਿਤ ਕਰਵਾ ਦਿੱਤੇ ਗਏ ਹਨ। ਪ੍ਰੀਖਿਆ ਸ਼ਾਖਾ ਦੀ ਆਨਲਾਈਨ ਪੋਰਟਲ ਟੀਮ, ਜਿਸ ਵਿੱਚ ਸ੍ਰ. ਦਲਬੀਰ ਸਿੰਘ, ਸ੍ਰ. ਸੁਖਵਿੰਦਰ ਸਿੰਘ, ਸ੍ਰ. ਨਰਿੰਦਰ ਸਿੰਘ ਗਾਂਧੀ ਸ਼ਾਮਿਲ ਹਨ, ਨੇ ਸਾਰੇ ਸੈੱਟਾਂ ਦੇ ਕੰਮ ਨੂੰ ਬਰੀਕੀ ਨਾਲ਼ ਸਮਝ ਕੇ ਵੈੱਬਸਾਈਟ ਦੇ ਰੂਪ ਵਿੱਚ ਉਨ੍ਹਾਂ ਨੂੰ ਸਹੂਲੀਅਤ ਮੁਹੱਈਆ ਕਰਵਾਈ ਜਿਸ ਕਾਰਨ ਸੈੱਟ ਉੱਤੇ ਮੌਜੂਦ ਕਰਮਚਾਰੀ ਕਾਫ਼ੀ ਕੰਮ ਆਪਣੇ ਸੈੱਟ ਉੱਤੇ ਬੈਠ ਕੇ ਬਿਨਾ ਕਿਸੇ ਹੋਰ ਉੱਤੇ ਨਿਰਭਰਤਾ ਤੋਂ ਜਲਦ ਨਿਪਟਾ ਸਕਦੇ ਹਨ। ਅਜਿਹਾ ਹੋਣ ਨਾਲ਼ ਬਹੁਤ ਸਾਰੇ ਕੰਮ ਜੋ ਪਹਿਲਾਂ ਪ੍ਰਿੰਟ ਕੱਢ ਕੇ ਕੀਤੇ ਜਾਂਦੇ ਸਨ, ਉਹ ਹੁਣ ਸਿੱਧੇ ਵੈੱਬਸਾਈਟ ਉੱਤੇ ਹੀ ਕਰ ਦਿੱਤੇ ਜਾਣਗੇ। ਇਸ ਨਾਲ਼ ਸਮਾਂ ਬਚੇਗਾ ਅਤੇ ਕੰਮ ਜਲਦੀ ਹੋਣ ਨਾਲ਼ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਸਹਾਇਕ ਰਜਿਸਟਰਾਰ ਜਸਵੰਤ ਸਿੰਘ ਨੇ ਇਸ ਨੂੰ ਸ਼ਲਾਘਾਯੋਗ ਕਦਮ ਦਸਦਿਆਂ ਭਰੋਸਾ ਦਿਵਾਇਆ ਕਿ ਪ੍ਰੀਖਿਆ ਸ਼ਾਖਾ ਦੇ ਕੰਮ ਕਾਜ ਨੂੰ ਤੇਜ਼ ਅਤੇ ਬਿਹਤਰ ਕਰਨ ਲਈ ਹਰ ਤਰ੍ਹਾਂ ਦੇ ਸਹਿਯੋਗ ਸੰਬੰਧੀ ਵਚਨਬੱਧ ਹਨ। ਸਹਾਇਕ ਰਜਿਸਟਰਾਰ ਜਸਵੰਤ ਕੌਰ ਨੇ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ਼ ਸਾਰੇ ਸੈੱਟਾਂ ਨੂੰ ਜਲਦ ਸਾਰੀ ਸਮੱਗਰੀ ਉਪਲਬਧ ਹੋ ਜਾਇਆ ਕਰੇਗੀ ਅਤੇ ਕੰਮ ਤੇਜ਼ੀ ਨਾਲ਼ ਹੋ ਸਕੇਗਾ।