ਫ਼ਤਹਿਗੜ੍ਹ ਸਾਹਿਬ : ਜ਼ਿਲ੍ਹੇ ਵਿੱਚ ਛੇਤੀ ਹੀ ਬਾਲ ਘਰ ਬਣਾਇਆ ਜਾਵੇਗਾ ਤਾਂ ਜੋ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਨੂੰ ਸੁਰੱਖਿਅਤ ਸਥਾਨ ਮੁਹੱਈਆਂ ਕਰਵਾਇਆ ਜਾ ਸਕੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਬਾਲ ਭਲਾਈ ਤੇ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।, ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਜ਼ਿਲ੍ਹੇ ਵਿੱਚ ਜੁਵੀਨਾਇਲ ਜਸਟਿਸ ਐਕਟ ਨੂੰ ਸਖਤੀ ਨਾਲ ਲਾਗੂ ਕਰਨਾ ਅਤੇ ਬੱਚਿਆਂ ਲਈ ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਬਣਾਉਣਾ ਹੈ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਿਲ੍ਹੇ ਵਿੱਚ ਜੇਕਰ ਕੋਈ ਪਰਿਵਾਰ, ਫੋਸਟਰ ਪਰਿਵਾਰ ਬਨਣਾ ਚਾਹੁੰਦਾ ਹੈ ਭਾਵ ਕੋਈ ਪਰਿਵਾਰ ਕਿਸੇ ਬੱਚੇ ਨੂੰ ਗੋਦ ਲਏ ਬਗੈਰ ਉਸਦਾ ਪਾਲਣ-ਪੋਸ਼ਣ ਕਰਕੇ ਉਸਦੀ ਸਿੱਖਿਆ ਅਤੇ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨਾ ਚਾਹੁੰਦਾ ਹੈ ਤਾਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਮੋਬਾਇਲ ਨੰਬਰ 99143-10010 ਵਿਖੇ ਸੰਪਰਕ ਕਰ ਸਕਦਾ ਹੈ। ਮੀਟਿੰਗ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਨੇ ਦੱਸਿਆ ਕਿ ਯੂਨਿਟ ਕੋਲ 2 ਸਾਲਾਂ ਵਿੱਚ ਘਰ ਤੋਂ ਭੱਜੇ ਬੱਚੇ, ਬਾਲ ਵਿਆਹ, ਬਾਲ ਮਜ਼ਦੂਰੀ, ਗੁੰਮਸ਼ੂਦਾ ਬੱਚੇ, ਲਵਾਰਿਸ ਬੱਚੇ, ਯੋਨ ਸ਼ੋਸ਼ਨ, ਸ਼ਰੀਰਕ ਸ਼ੋਸ਼ਣ ਤੋਂ ਪੀੜ੍ਹਤ 268 ਬੱਚਿਆਂ ਦੇ ਕੇਸ ਪ੍ਰਾਪਤ ਹੋਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਯੂਨਿਟ ਵੱਲੋਂ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਚਲਾਈ ਜਾ ਰਹੀ ਹੈ, ਜੋ ਅਨਾਥ ਅਤੇ ਲੋੜਵੰਦ ਬੱਚਿਆਂ ਨੂੰ 4000/- ਰੁਪਏ ਪ੍ਰਤੀ ਮਹੀਨਾ ਦਿੱਤੀ ਜਾਂਦੀ ਹੈ। ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸਮੇਂ-ਸਮੇਂ ਤੇ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਸਬੰਧੀ ਜਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ। ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਯੂਨਿਟ ਵੱਲੋਂ ਜਿਲ੍ਹੇ ਵਿੱਚ ਬੱਚਿਆਂ ਤੋਂ ਵਿਰਵੇ ਮਾਤਾ-ਪਿਤਾ ਨੂੰ ਬੱਚਾ ਗੋਂਦ ਲੈਣ ਦੀ ਪ੍ਰਕਿਰਿਆ ਨਾਲ ਜੋੜਿਆ ਜਾਂਦਾ ਹੈ। ਇਸ ਮੌਕੇ ਡਾ. ਸਵਪਨਜੀਤ ਕੌਰ ਏ.ਸੀ.ਐਸ, ਐਡਵੋਕੇਟ ਮਨਮੀਤ ਸਿੰਘ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਇੰਸਪੈਕਟਰ ਸ਼੍ਰੀ ਦਵਿੰਦਰ ਸਿੰਘ, ਸ਼੍ਰੀ ਮੁਕੇਸ਼ ਕੁਮਾਰ ਜਿਲ੍ਹਾ ਮੈਨੇਜਰ ਪੰਜਾਬ ਸਕਿੱਲ ਵਿਕਾਸ ਮਿਸ਼ਨ, ਸ਼੍ਰੀ ਦਵਿੰਦਰ ਸਿੰਘ, ਸ਼੍ਰੀਮਤੀ ਪੁਸ਼ਪਿੰਦਰ ਕੌਰ, ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀ ਰਜਿੰਦਰ ਸਿੰਘ, ਸ਼੍ਰੀ ਸੁਚਿੰਦਰ ਸਿੰਘ, ਸ਼੍ਰੀਮਤੀ ਨੇਹਾ ਸਿੰਗਲਾ ਸੁਰੱਖਿਆ ਅਫਸਰ (ਐਨ.ਆਈ.ਸੀ) ਅਤੇ ਸ਼੍ਰੀ ਅਨਿਲ ਕੁਮਾਰ ਹਾਜ਼ਰ ਸਨ।