ਮਾਲੇਰਕੋਟਲਾ : ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਕੀਤੇ ਜਾ ਰਹੇ ਭਾਰਤ ਬੰਦ ਦੇ ਸੰਬੰਧ ਵਿੱਚ ਸ਼ਹਿਰ ਮਾਲੇਰਕੋਟਲਾ ਅੰਦਰ ਮਾਰਚ ਕੀਤਾ ਗਿਆ ਅਤੇ ਸ਼ਹਿਰ ਵਾਸੀਆਂ ਨੂੰ ਬੰਦ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਮਾਨ ਸਿੰਘ ਸੱਦੋਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰਧਾਨ ਅਮਰਜੀਤ ਸਿੰਘ ਰੋਹਣੋ ਨੇ ਕਿਹਾ ਕੀ ਮੋਦੀ ਸਰਕਾਰ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਕੀਮਤੀ ਅਸਾਸੇ ਜਲ,ਜੰਗਲ,ਜਮੀਨ ਕੌਡੀਆਂ ਦੇ ਸੰਭਾਅ ਰਹੀ ਹੈ। ਦੇਸ਼ ਦੇ ਸਰਕਾਰੀ ਅਦਾਰੇ ਰੇਲਵੇ, ਬੰਦਰਗਾਹਾਂ,ਪਬਲਿਕ ਟਰਾਂਸਪੋਰਟ,ਹਸਪਤਾਲ ਅਤੇ ਸਿੱਖਿਆ ਸੈਕਟਰ ਆਦਿ ਕਾਰਪੋਰੇਟਾਂ ਨੂੰ ਵੇਚਿਆ ਜਾ ਰਿਹਾ ਹੈ। ਲੋਕਾਂ ਨੂੰ ਮਿਲਦੀਆਂ ਨਿਗੁਣੀਆਂ ਸਹੂਲਤਾਂ ਤੇ ਕੱਟ ਲਾ ਕੇ ਕਾਰਪੋਰੇਟ ਘਰਾਣਿਆਂ ਨੂੰ ਮੋਟੇ ਗੱਫੇ ਦਿੱਤੇ ਜਾ ਰਹੇ ਹਨ। ਦੂਜੇ ਪਾਸੇ ਆਰ. ਐਸ. ਐਸ ਦੇ ਹਿੰਦੂਤਵੀ ਏਜੰਡੇ ਤਹਿਤ ਘੱਟ ਗਿਣਤੀ ਕੌਮਾਂ,ਧਰਮਾਂ ਅਤੇ ਦਲਿਤਾਂ ਉੱਪਰ ਹਮਲੇ ਕੀਤੇ ਜਾ ਰਹੇ ਹਨ। ਬੇਸ਼ਕ CAA/NRC ਨੂੰ ਸੰਘਰਸ਼ ਦੇ ਦਬਾਅ ਕਾਰਨ ਵਖਤੀ ਤੌਰ ਤੇ ਰੋਕ ਲਿਆ ਗਿਆ ਸੀ ਪਰ ਹੁਣ ਦੁਬਾਰਾ ਲਾਗੂ ਕਰਨ ਦੀਆਂ ਵਿਉਂਤਬੰਦੀਆਂ ਚੱਲ ਰਹੀਆਂ ਹਨ। ਉੱਤਰਾਖੰਡ ਵਿੱਚ ਯੂਨੀਫਾਰਮ ਸਿਵਿਲ ਕੋਡ ਬਣਾਕੇ ਹੌਲੀ ਹੌਲੀ ਦੇਸ਼ ਭਰ ਵਿੱਚ ਲਾਗੂ ਕਰਨ ਦਾ ਮਨਸੂਬਾ ਭਾਜਪਾ ਸਰਕਾਰ ਘੜ ਰਹੀ। ਇਸ ਮੌਕੇ ਪੰਜਾਬ ਐਂਡ ਯੂਨੀਅਨ ਦੇ ਆਗੂ ਕਮਲਦੀਪ ਕੌਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਹਥਨ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਫਾਸਟਿਸਟ ਨੀਤੀਆਂ ਖਿਲਾਫ ਮਾਲੇਰਕੋਟਲਾ ਦੇ ਲੋਕ ਭਰਵਾਂ ਹੁੰਗਾਰਾ ਦੇਣਗੇ ਅਤੇ 16 ਫਰਵਰੀ ਨੂੰ ਵੱਡੀ ਪੱਧਰ ਤੇ ਬੰਦ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਰੁਪਿੰਦਰ ਸਿੰਘ ਚੌਂਦਾ,ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਆਗੂ ਜਗਤਾਰ ਸਿੰਘ ਤੋਲੇਵਾਲ,ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਰੁਖਸਾਨਾ,ਹਰਜਿੰਦਰ ਸਿੰਘ ਚੌਂਦਾ,ਜਸਪ੍ਰੀਤ ਸਿੰਘ ਦੁਗਰੀ,ਅਮਰਿੰਦਰ ਕੱਕੜ ਅਤੇ ਲਾਭ ਸਿੰਘ ਨੱਥੋਹੇੜੀ ਆਦਿ ਕਿਸਾਨ ਆਗੂ ਸਾਮਲ ਹੋਏ।