ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਦੀ ਇੱਕ ਤਾਜ਼ਾ ਖੋਜ ਰਾਹੀਂ ਇੱਕ ਪ੍ਰਣਾਲ਼ੀ ਵਿਕਸਿਤ ਕੀਤੀ ਗਈ ਹੈ ਜਿਸ ਤਹਿਤ ਇੰਟਰਨੈੱਟ/ਕੰਪਿਊਟਰ ਉੱਤੇ ਗੁਰਮੁਖੀ ਲਿਪੀ ਦੀ ਟਾਈਪਿੰਗ ਸਮੇਂ ਸੁਝਾਅ ਵਜੋਂ ਢੁਕਵੇਂ ਸੰਪੂਰਨ ਵਾਕ ਪ੍ਰਦਰਸਿ਼ਤ ਹੋਣਗੇ। ਇਸ ਪ੍ਰਣਾਲ਼ੀ ਰਾਹੀਂ ਵਰਤੋਂਕਾਰ ਆਪਣੇ ਸੰਬੰਧਤ ਵਿਸ਼ੇ ਦੇ ਵਿਸਥਾਰ ਅਤੇ ਪ੍ਰਗਟਾਅ ਲਈ ਅਨੁਕੁਲ ਵੱਖ-ਵੱਖ ਤਰ੍ਹਾਂ ਦੇ ਵਾਕ ਤੁਰੰਤ ਲੱਭ ਸਕਣ ਦੇ ਯੋਗ ਹੋਣਗੇ। ਕੋਈ ਵੀ ਵਰਤੋਂਕਾਰ ਜਦੋਂ ਇਸ ਪ੍ਰਣਾਲ਼ੀ ਤਹਿਤ ਕੰਪਿਊਟਰ ਉੱਤੇ ਵਾਕ ਲਿਖਣਾ ਆਰੰਭ ਕਰੇਗਾ ਤਾਂ ਇਹ ਪ੍ਰਣਾਲ਼ੀ ਉਸ ਵਰਤੋਂਕਾਰ ਦੇ ਸੰਬੰਧਤ ਵਿਸ਼ੇ ਦੇ ਅਨੁਕੂਲ ਪੂਰੇ ਸੰਭਾਵਿਤ ਵਾਕ ਦਾ ਸੁਝਾਅ ਉਸ ਸਾਹਮਣੇ ਪੇਸ਼ ਕਰੇਗੀ ਜਿਸ ਉੱਤੇ ਕਲਿੱਕ ਕਰਦਿਆਂ ਉਹ ਤੁਰੰਤ ਪੂਰਾ ਵਾਕ ਪ੍ਰਾਪਤ ਕਰ ਸਕੇਗਾ। ਜਿ਼ਕਰਯੋਗ ਹੈ ਕਿ ਅੱਜਕਲ੍ਹ ਵੱਖ-ਵੱਖ ਪੇਸਿ਼ਆਂ ਵਿੱਚ ਰੋਜ਼ਾਨਾ ਅਤੇ ਫੌਰੀ ਤੌਰ ਉੱਤੇ ਲਿਖਤਾਂ ਲੋੜੀਂਦੀਆਂ ਹਨ, ਜਿੱਥੇ ਵਿਸ਼ੇ ਦੇ ਪ੍ਰਗਟਾਅ ਅਤੇ ਵਿਸਥਾਰ ਲਈ ਇੰਟਰਨੈੱਟ ਦੇ ਸਹਾਰੇ ਵਾਕ ਸਿਰਜਣਾ ਦਾ ਰੁਝਾਨ ਅੱਜਕਲ੍ਹ ਲੋਕਪ੍ਰਿਯ ਹੁੰਦਾ ਜਾ ਰਿਹਾ ਹੈ। ਵਰਤੋਂਕਾਰ ਆਪਣੇ ਸਮੇਂ ਦੀ ਬੱਚਤ ਅਤੇ ਸੌਖ ਲਈ ਅਜਿਹੀਆਂ ਵਿਧੀਆਂ ਦਾ ਇਸਤੇਮਾਲ ਕਰਦੇ ਹਨ। ਇਹ ਖੋਜ ਖੋਜਾਰਥੀ ਗੁਰਜੋਤ ਸਿੰਘ ਮਾਹੀ ਵੱਲੋਂ ਡਾ. ਅਮਨਦੀਪ ਵਰਮਾ ਦੀ ਨਿਗਰਾਨੀ ਵਿੱਚ ਕੀਤੀ ਗਈ ਹੈ। ਇਸ ਖੋਜ ਉੱਤੇ ਅਧਾਰਿਤ ਖੋਜ-ਪੱਤਰ ਨੂੰ ਕੇਰਲਾ ਦੇ ਕੋਜ਼ੀਕੋਡੇ ਵਿੱਚ ‘ਇੰਜਨੀਅਰਿੰਗ ਦੇ ਨਵੇਂ ਉੱਭਰਦੇ ਰੁਝਾਨ’ ਵਿਸ਼ੇ ਉੱਤੇ ਹੋਈ ਅੰਤਰ-ਰਾਸ਼ਟਰੀ ਕਾਨਫ਼ਰੰਸ ਦੌਰਾਨ ‘ਸਰਵੋਤਮ ਖੋਜ-ਪੱਤਰ’ ਦਾ ਸਨਮਾਨ ਵੀ ਹਾਸਿਲ ਹੋ ਚੁੱਕਿਆ ਹੈ। ਮੁੱਢਲੇ ਪੜਾਅ ਉੱਤੇ ਖੇਡਾਂ ਦੇ ਖੇਤਰ ਨਾਲ਼ ਸੰਬੰਧਤ ਸਮੱਗਰੀ ਨੂੰ ਅਧਾਰ ਬਣਾ ਕੇ ਇਸ ਪ੍ਰਣਾਲ਼ੀ ਨੂੰ ਓਪਨ-ਸੋਰਸ ਵਜੋਂ ਇੰਟਰਨੈੱਟ ਉੱਤੇ ਮੁਫ਼ਤ ਉਪਲਬਧ ਕਰਵਾਇਆ ਗਿਆ ਹੈ। ਨਿਗਰਾਨ ਡਾ. ਅਮਨਦੀਪ ਵਰਮਾ ਨੇ ਦੱਸਿਆ ਕਿ ਸੰਭਾਵਿਤ ਵਾਕਾਂ ਦੇ ਅਜਿਹੇ ਸੁਝਾਅ ਲਈ ਅੰਗਰੇਜ਼ੀ ਭਾਸ਼ਾ ਦੇ ਖੇਤਰ ਵਿੱਚ ਬਹੁਤ ਸਾਰਾ ਕਾਰਜ ਹੋ ਚੁੱਕਾ ਹੈ ਪਰ ਸਥਾਨਕ ਬੋਲੀਆਂ ਵਿੱਚ ਹਾਲੇ ਇਸ ਪੱਖੋਂ ਸੀਮਿਤ ਜਿਹਾ ਕਾਰਜ ਹੀ ਹੋਇਆ ਹੈ।
ਇਸੇ ਮਕਸਦ ਨਾਲ਼ ਇਸ ਖੋਜ ਵਿੱਚ ਗੁਰਮੁਖੀ ਲਿਪੀ ਦੇ ਹਵਾਲੇ ਨਾਲ਼ ਕੰਮ ਕੀਤਾ ਗਿਆ ਹੈ। ਇਸ ਪ੍ਰਣਾਲ਼ੀ ਲਈ ਲੋੜੀਂਦੇ ਵਾਕ-ਭੰਡਾਰ ਦੀ ਸਿਰਜਣਾ ਕਰਨਾ ਅਤੇ ਲੋੜ ਅਨੁਸਾਰ ਢੁਕਵੀਆਂ ਸ਼ਬਦਾਂ ਦੀਆਂ ਤਰਤੀਬਾਂ ਨੂੰ ਫੌਰੀ ਪਹੁੰਚਯੋਗ ਬਣਾਉਣ ਦੇ ਪੱਖਾਂ ਉੱਤੇ ਇਸ ਖੋਜ ਰਾਹੀਂ ਕੰਮ ਕੀਤਾ ਗਿਆ ਹੈ। ਉਨ੍ਹਾਂ ਇਸ ਖੋਜ ਦੀ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਪੱਧਰ ਉੱਤੇ ਇੱਕ ਖ਼ਬਰਾਂ ਨਾਲ਼ ਸੰਬੰਧਤ ਵੈੱਬਸਾਈਟ ਲਈ ਇੱਕ ‘ਵੈੱਬ-ਕਰਾਅਲਰ’ ਵਿਕਸਿਤ ਕੀਤਾ ਗਿਆ ਜਿਸ ਦਾ ਮਕਸਦ ਇੰਟਰਨੈੱਟ ਉੱਤੇ ਉਪਲਬਧ ਚੰਗੀ ਲੇਖਣੀ ਵਾਲ਼ੀਆਂ ਲਿਖਤਾਂ ਦੀ ਸਮੱਗਰੀ ਨੂੰ ਲੱਭ ਕੇ ਲਿਆਉਣਾ ਅਤੇ ਡੈਟਾ-ਬੇਸ ਵਿਕਸਿਤ ਕਰਨਾ ਸੀ ਤਾਂ ਕਿ ਉਸ ਸਮੱਗਰੀ ਨੂੰ ਲੋੜ ਅਨੁਸਾਰ ਅੱਗੇ ਵਰਤਿਆ ਜਾ ਸਕੇ। ਇਸ ‘ਵੈੱਬ-ਕਰਾਅਲਰ’ ਦੀ ਮਦਦ ਨਾਲ਼ ਖ਼ਬਰ ਦੀਆਂ ਵੱਖ-ਵੱਖ ਵੰਨਗੀਆਂ ਵਾਲ਼ੇ ਇੱਕ ਲੱਖ ਤੋਂ ਵਧੇਰੇ ਖੋਜ-ਆਰਟੀਕਲ ਸਿਰਜੇ ਗਏ ਜੋ ਇਸ ਖੋਜ ਦਾ ਅਧਾਰ ਬਣੇ। ਬਿਹਤਰ ਵਾਕ ਬਣਤਰਾਂ ਨੂੰ ਸੌਖਿਆਂ ਲੱਭਣ ਅਤੇ ਸਿਰਜਣਾ ਕਰਨ ਲਈ ‘ਸੰਟੈਂਸ ਸਰਚ ਐਲਗੋਰਿਦਮ’ ਅਤੇ ‘ਪੈਚਿੰਗ ਸਿਸਟਮ’ ਦਾ ਸਾਫ਼ਟਵੇਅਰ ਬਣਾਇਆ ਗਿਆ। ਫਿਰ ਇਨ੍ਹਾਂ ਵਿਧੀਆਂ ਨਾਲ਼ ਸਿਰਜੀ ਗਈ ਲਿਖਤ-ਸਮੱਗਰੀ ਦੀ ਅੱਗੇ ਦੋ ਪੱਧਰਾਂ ਉੱਤੇ ਪੜਚੋਲ਼ ਕੀਤੀ ਗਈ। ਪਹਿਲੀ ਪੜਚੋਲ਼ ਸ਼ਬਦ ਪੱਧਰ ਉੱਤੇ ਛੇ ਮਿਲੀਅਨ ਤੋਂ ਵਧੇਰੇ ਸ਼ਬਦਾਂ ਅਤੇ 4,40,000 ਤੋਂ ਵੱਧ ਵਾਕਾਂ ਨੂੰ ਵਾਚਿਆ ਗਿਆ। ਇਹ ਪੜਚੋਲ ਗੁਣ ਅਤੇ ਗਿਣਤੀ ਦੋਹਾਂ ਪੱਖਾਂ ਤੋਂ ਕੀਤੀ ਗਈ। ਖੋਜਾਰਥੀ ਗੁਰਜੋਤ ਸਿੰਘ ਮਾਹੀ ਨੇ ਦੱਸਿਆ ਕਿ ਇਸ ਪੜਚੋਲ਼ ਰਾਹੀਂ ਵੱਖ-ਵੱਖ ਤਕਨੀਕੀ ਵਿਧੀਆਂ, ਜੁਗਤਾਂ, ਢੰਗਾਂ ਨਾਲ਼ ਪ੍ਰਯੋਗ ਕਰਦਿਆਂ ਹੋਇਆਂ ਇਸ ਸਿੱਟੇ ਉੱਤੇ ਪੁੱਜਿਆ ਗਿਆ ਕਿ ਕਿਸ ਵਿਧੀ ਨਾਲ਼ ਸਿਰਜੇ ਜਾਂਦੇ ਵਾਕਾਂ ਦੀ ਗੁਣਵੱਤਾ ਵਧੇਰੇ ਸਮਰੱਥ ਹੈ ਜੋ ਮਨੁੱਖ ਵੱਲੋਂ ਸਿਰਜੇ ਜਾਂਦੇ ਵਾਕਾਂ ਨਾਲ਼ ਜਿ਼ਆਦਾ ਮੇਲ ਖਾਂਦੀ ਹੋਵੇ। ਸਭ ਤੋਂ ਵਧੀਆ ਨਤੀਜੇ ਦੇਣ ਵਾਲ਼ੇ ਵਿਧੀਆਂ ਦੇ ਮਾਡਲ ਨੂੰ ਲੱਭ ਕੇ ਵਰਤੋਂ ਕਰਦਿਆਂ ਇਸ ਸਾਫ਼ਟਵੇਅਰ ਨੂੰ ‘ਪੂਰਨ’ ਦਾ ਨਾਮ ਦਿੱਤਾ ਗਿਆ ਜੋ ਵਰਤੋਂਕਾਰਾਂ ਲਈ ਸਭ ਤੋਂ ਵਧੇਰੇ ਵਰਤੋਂਯੋਗ ਅਤੇ ਪਹੁੰਚਯੋਗ ਸਹੀ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਇਹ ਖੋਜ ਜਿੱਥੇ ਇੱਕ ਪਾਸੇ ਗੁਰਮੁਖੀ ਲਿਪੀ ਵਿੱਚ ਸੰਭਾਵਿਤ ਵਾਕ ਦੀ ਸਿਰਜਣਾ ਵਾਲ਼ੀ ਆਪਣੀ ਕਿਸਮ ਦੀ ਪਹਿਲੀ ਪ੍ਰਣਾਲ਼ੀ ਵਿਕਸਿਤ ਕਰਨ ਪੱਖੋਂ ਮਹੱਤਵ ਰਖਦੀ ਹੈ, ਉੱਥੇ ਹੀ ਦੂਜੇ ਪਾਸੇ ਇਹ ਹੋਰ ਅਗਲੇਰੀਆਂ ਖੋਜਾਂ ਲਈ ਅਧਾਰ ਬਣਨ ਪੱਖੋਂ ਵੀ ਅਹਿਮ ਹੈ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਖੋਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅਕਸਰ ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਬਣਾਉਣ ਬਾਰੇ ਜੋ ਨੁਕਤਾ ਉਠਾਉਂਦੇ ਹਨ, ਉਸ ਦਾ ਢੁਕਵਾਂ ਤਰੀਕਾ ਇਸ ਤਰ੍ਹਾਂ ਦੀਆਂ ਖੋਜਾਂ ਕਰਨਾ ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਜਿਹੀਆਂ ਖੋਜਾਂ ਲਈ ਢੁਕਵੀਂ ਥਾਂ ਹੈ। ਇਸ ਦਿਸ਼ਾ ਵਿੱਚ ਹੋਰ ਵੀ ਅਗਲੇਰੇ ਪੱਧਰ ਉੱਤੇ ਖੋਜਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਲਗਾਤਾਰ ਹੋ ਰਹੀ ਚੜ੍ਹਤ ਦੇ ਸਮੇਂ ਵਿੱਚ ਕਿਸੇ ਵੀ ਭਾਸ਼ਾ ਲਈ ਇਸ ਤਰ੍ਹਾਂ ਦੀਆਂ ਪ੍ਰਣਾਲ਼ੀਆਂ ਵਿਕਸਿਤ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ।