ਪਟਿਆਲਾ : ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਮੰਗਲਵਾਰ ਨੂੰ ਸਰਹਿੰਦ ਰੋਡ 'ਤੇ ਸਥਿਤ ਸਿਲਵਰ ਓਕ ਪੈਲੇਸ ਵਿਖੇ ਕਰਵਾਏ ਗਏ ਭਾਜਪਾ ਦੇ ਦੂਜੇ ਬੂਥ ਮਹਾਂਸੰਮੇਲਨ ਦਾ ਹਿੱਸਾ ਬਣੇ। ਇਸ ਮੌਕੇ ਵਰਕਰਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਵਿਧਾਨ ਸਭਾ ਹਲਕਾ-110 ਦੇ ਲੋਕਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਯਤਨਾਂ ਅਤੇ ਇਲਾਕਾ ਵਾਸੀਆਂ ਦੇ ਭਰੋਸੇ ਸਦਕਾ ਕੇਂਦਰੀ ਸੜਕ ਨਿਰਮਾਣ ਮੰਤਰੀ ਨਿਤਿਨ ਗਡਕਰੀ ਵੱਲੋਂ ਪਟਿਆਲਾ ਦੇ ਉੱਤਰੀ ਬਾਈਪਾਸ ਦੀ ਫਾਈਲ ਪਾਸ ਕਰ ਦਿੱਤੀ ਗਈ ਹੈ ਅਤੇ ਨਿਰਮਾਣ ਲਈ ਟੈਂਡਰ ਜਾਰੀ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉੱਤਰੀ ਬਾਈਪਾਸ ਦੀ ਉਸਾਰੀ ਦਾ ਕੰਮ ਅਗਲੇ ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪਟਿਆਲਾ ਦਿਹਾਤੀ ਵਿਧਾਨ ਸਭਾ ਵਿੱਚ ਦੋ ਵੱਡੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਹਨ। ਇਸ ਦੇ ਨਾਲ ਹੀ ਪਟਿਆਲਾ-110 ਵਿੱਚ 500 ਕਰੋੜ ਰੁਪਏ ਦਾ ਨਹਿਰੀ ਪਾਣੀ ਦਾ ਪ੍ਰਾਜੈਕਟ ਅਤੇ ਅਤਿ-ਆਧੁਨਿਕ ਬੱਸ ਸਟੈਂਡ ਬਣਾਇਆ ਜੋ ਲੋਕਾਂ ਨੂੰ ਬਹੁਤ ਲਾਭ ਪਹੁੰਚਾ ਰਿਹਾ ਹੈ। ਉਨ੍ਹਾਂ ਹਾਕਮ ਧਿਰ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਵਿਕਾਸ ਮਹਿਜ਼ ਇਸ਼ਤਿਹਾਰਾਂ ਤੱਕ ਸੀਮਤ ਹੈ, ਪਰ ਜ਼ਮੀਨੀ ਹਕੀਕਤ ਤੋਂ ਹਰ ਵਰਗ ਪ੍ਰੇਸ਼ਾਨ ਹੈ।
ਦੂਜੇ ਪਾਸੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਨਿਲ ਸਰੀਨ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬੂਥ ਪੱਧਰ ਨੂੰ ਮਜ਼ਬੂਤ ਕਰਨ ਅਤੇ ਹਰੇਕ ਵਿਅਕਤੀ ਨੂੰ ਆਪਣੀ ਪਛਾਣ ਦੇ ਘੱਟੋ-ਘੱਟ ਦਸ ਵਿਅਕਤੀਆਂ ਦੀਆਂ ਵੋਟਾਂ ਕਮਲ ਦੇ ਫੁੱਲ ਲਈ ਹਾਸਲ ਕਰਨ ਲਈ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਇਸੇ ਤਰ੍ਹਾਂ ਪੰਜਾਬ ਭਾਜਪਾ ਦੇ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਵਾਰ 400 ਦੇ ਪਾਰ ਕਰਨ ਦੇ ਨਾਅਰੇ ਨੂੰ ਸੱਚ ਕਰਨ ਲਈ ਹਰ ਭਾਜਪਾ ਵਰਕਰ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਬੂਥ ਮਹਾਂਸੰਮੇਲਨ ਵਿੱਚ ਹੋਏ ਇਕੱਠ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਲਈ ਅਜੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਪਰ ਉਨ੍ਹਾਂ ਨੂੰ ਪਤਾ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਹੋਣਗੇ ਅਤੇ ਉਨ੍ਹਾਂ ਨੂੰ ਜਿਤਾਉਣ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਭਾਜਪਾ ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪਟਿਆਲਾ-110 ਵਿੱਚ ਬੀਤੇ ਸਾਲਾਂ ਦੇ ਵਿਕਾਸ ਬਾਰੇ ਤਾਂ ਸਾਰੇ ਲੋਕ ਜਾਣਦੇ ਹਨ, ਪਰ ਅੱਜ ਦੀ ਨਵੀਂ ਪੀੜੀ ਨੂੰ ਪਤਾ ਹੋਣਾ ਚਾਹਿਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੇ ਪਰਿਵਾਰ ਵਲੋਂ ਬਹਾਦਰਗੜ੍ਹ ਫੈਕਟਰੀ ਅਤੇ ਡੀ.ਐਮ.ਡਬਲਿਊ ਵਰਗੀਆਂ ਵੱਡੀਆਂ ਸਨਅਤਾਂ ਵੀ ਉਨ੍ਹਾਂ ਦੀ ਮਿਹਨਤ ਸਦਕਾ ਹੀ ਸਥਾਪਿਤ ਹੋਈਆਂ ਹਨ ਅਤੇ ਅੱਜ ਅਨੇਕਾਂ ਲੋਕਾਂ ਨੂੰ ਰੋਜਗਾਰ ਮਿਲ ਸਕਿਆ ਹੈ।
ਉਨ੍ਹਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਚੁਣਨਾ ਸਮੁੱਚੇ ਇਲਾਕੇ ਦੀ ਜ਼ਿੰਮੇਵਾਰੀ ਹੈ ਅਤੇ ਇਸ ਤੋਂ ਬਾਅਦ ਇਲਾਕੇ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਜ਼ਿੰਮੇਵਾਰੀ ਮਹਾਰਾਣੀ ਪ੍ਰਨੀਤ ਕੌਰ ਅਤੇ ਮੋਦੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਪ੍ਰਵੀਨ ਬਾਂਸਲ, ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ, ਸੁਖਵਿੰਦਰ ਕੌਰ ਨੌਲੱਖਾ, ਲੋਕ ਸਭਾ ਹਲਕਾ ਪ੍ਰਚਾਰਕ ਬਲਵੰਤ ਰਾਏ, ਕੇ.ਕੇ ਮਲਹੋਤਰਾ, ਸਾਰੇ ਛੇ ਮੰਡਲਾਂ ਦੇ ਪ੍ਰਧਾਨ ਅਤੇ 258 ਬੂਥ ਇੰਚਾਰਜਾਂ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਸ਼ਾਮਲ ਹੋਏ।