ਪਟਿਆਲਾ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਸਾਲਾਨਾ ਜੋੜ ਮੇਲ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਦੇ ਚੱਲਦਿਆਂ ਗੁਰੂ ਘਰ ਮੱਥਾ ਟੇਕਣ ਪੁੱਜ ਰਹੀਆਂ ਸੰਗਤਾਂ ’ਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਗੁਰੂ ਦਰਬਾਰ ’ਚ ਵੱਖ-ਵੱਖ ਫੁੱਲਾਂ ਨਾਲ ਕੀਤੀ ਸਜਾਵਟ ਵੀ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਬਸੰਤ ਪੰਚਮੀ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਕ ਝਿਊਰ ਸਿੱਖ ਭਾਗ ਰਾਮ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਪਾਣੀ ਦੇ ਟੋਬੇ ਕਿਨਾਰੇ ਬਿਰਾਜਮਾਨ ਹੋਏ ਸਨ ਅਤੇ ਗੁਰੂ ਘਰ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਜਿਹੜਾ ਵੀ ਪ੍ਰਾਣੀ ਇਸ ਪਵਿੱਤਰ ਸਰੋਵਰ ’ਚ ਇਸ਼ਨਾਨ ਕਰੇਗਾ
ਉਸ ਦੀ ਸਭ ਰੋਗ ਦੂਰ ਹੋਣਗੇ ਇਸ ਕਰਕੇ ਗੁਰੂ ਘਰ ’ਚ ਹਰ ਮਹੀਨੇ ਜਿਥੇ ਪੰਚਮੀ ਦਾ ਦਿਹਾੜਾ ਮਨਾਇਆ ਜਾਦਾ, ਉਥੇ ਹੀ ਸਾਲਾਨਾ ਬਸੰਤ ਪੰਚਮੀ ਮੌਕੇ ਸੰਗਤਾਂ ਵੱਡੀ ਗਿਣਤੀ ’ਚ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨ ਦੇ ਨਾਲ ਨਾਲ ਗੁਰੂ ਘਰ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਦੀਆਂ ਹਨ।
ਇਸ ਮੌਕੇ ਮੈਨੇਜਰ ਕਰਨੈਲ ਸਿੰਘ ਵਿਰਕ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਅੱਜ ਦੇਰ ਸ਼ਾਮ ਕਵੀ ਦਰਬਾਰ ਦਾ ਆਯੋਜਨ ਹੋਵੇਗਾ ਅਤੇ ਹਜ਼ੂਰੀ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਲਾਨਾ ਬਸੰਤ ਪੰਚਮੀ ਜੋੜ ਮੇਲ ਮੌਕੇ ਸਿੱਖ ਸੰਗਤਾਂ, ਸਭਾਵਾਂ ਅਤੇ ਸੁਸਾਇਟੀਆਂ ਵੱਲੋਂ ਵੱਡਾ ਸਹਿਯੋਗ ਕੀਤਾ ਜਾ ਰਿਹਾ। ਇਸ ਮੌਕੇ ਸੰਗਤਾਂ ਗੁਰੂ ਘਰ ਦੇ ਲੰਗਰਾਂ ਤੋਂ ਇਲਾਵਾ ਵੱਖ-ਵੱਖ ਥਾਵਾਂ ਸੇਵਾ ਕਰਦੀਆਂ ਨਜ਼ਰ ਆਈਆਂ। ਇਸ ਮੌਕੇ ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਕੰਪਲੈਕਸ ਵਿਖੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦੀ ਯੋਗ ਅਗਵਾਈ ਵਿਚ ਸੰਗਤਾਂ ਲਈ ਚਾਹ ਪਕੌੜਿਆਂ ਅਤੇ ਲੰਗਰਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ।