ਪਟਿਆਲਾ : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਨਿਵੇਕਲੀ ਪਹਿਲਕਦਮੀ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਨੇ 'ਕੌਫ਼ੀ ਵਿਦ ਆਫ਼ੀਸਰ' ਦਾ ਆਗ਼ਾਜ਼ ਕੀਤਾ ਹੈ। ਇਸ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਪਟਿਆਲਾ ਜ਼ਿਲ੍ਹੇ ਦੇ ਉਤਸ਼ਾਹੀ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੀ ਚੋਣ ਕਰਨ ਲਈ ਮਾਰਗ ਦਰਸ਼ਨ ਕੀਤਾ। ਡਾ. ਹਰਜਿੰਦਰ ਸਿੰਘ ਬੇਦੀ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਤੇ ਆਈ.ਏ.ਐਸ. ਬਣਨ ਦਾ ਸਫ਼ਰ ਅਤੇ ਨਿਜੀ ਤਜਰਬਾ ਸਾਂਝਾ ਕਰਦਿਆਂ ਨੌਜਵਾਨਾਂ ਨੂੰ ਟੀਚੇ ਨਿਰਧਾਰਤ ਕਰਕੇ ਮਿਹਨਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੈਰੀਅਰ ਕਾਊਂਸਲਿੰਗ, ਮਾਰਗ ਦਰਸ਼ਨ, ਕੈਰੀਅਰ ਦੇ ਟੀਚਿਆਂ ਦਾ ਵਿਕਾਸ ਕਰਨਾ, ਨਿੱਜੀ ਸ਼ਕਤੀਆਂ ਤੇ ਕਮਜ਼ੋਰੀਆਂ ਦੀ ਪਛਾਣ ਕਰਨ ਸਮੇਤ ਨਿੱਜੀ ਤੇ ਸਰਕਾਰੀ ਸੈਕਟਰ ਵਿੱਚ ਕੈਰੀਅਰ/ਨੌਕਰੀ ਦੇ ਮੌਕਿਆਂ ਬਾਰੇ ਗਿਆਨ ਸਾਂਝਾ ਕਰਨਾ ਅਤੇ ਸਵੈ-ਰੁਜ਼ਗਾਰ ਲਈ ਆਤਮ ਵਿਸ਼ਵਾਸ ਵਧਾਉਣ ਦੇ ਨੁਕਤੇ ਸਾਂਝੇ ਕੀਤੇ।
ਏ.ਡੀ.ਸੀ. ਡਾ. ਬੇਦੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਨ ਲਈ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨਾਲ ਹਰ ਮਹੀਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਅਫ਼ਸਰਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ
https://forms.gle/-kF2swdxe8HUy3mtM6 ਲਿੰਕ ਉਪਰ ਰਜਿਸਟਰ ਕਰ ਸਕਦੇ ਹਨ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਬਲਾਕ-ਡੀ ਮਿੰਨੀ ਸਕੱਤਰੇਤ ਦੇ ਦਫ਼ਤਰ ਆ ਕੇ ਮਿਲ ਸਕਦੇ ਹਨ। ਇਸ ਦੌਰਾਨ ਪੁੱਜੇ ਨੌਜਵਾਨ ਲੜਕੇ ਤੇ ਲੜਕੀਆਂ ਨੇ ਇਸ ਪ੍ਰੋਗਰਾਮ ਵਿਚ ਭਾਗ ਲੈ ਕੇ ਕਾਫੀ ਉਤਸਾਹਿਤ ਮਹਿਸੂਸ ਕੀਤਾ ਤੇ ਕੈਰੀਅਰ ਤੇ ਰੁਜ਼ਗਾਰ ਦੇ ਮੌਕੇ ਸਬੰਧੀ ਆਪਣੇ ਸ਼ੰਕੇ ਦੂਰ ਕਰਨ ਲਈ ਸਵਾਲ ਜਵਾਬ ਕੀਤੇ।ਪ੍ਰੋਗਰਾਮ ਮੌਕੇ ਰੋਜ਼ਗਾਰ ਅਫ਼ਸਰ ਕੰਵਲ ਪੁਨੀਤ ਕੌਰ ਤੇ ਤੇਜਵਿੰਦਰ ਸਿੰਘ, ਡਿਪਟੀ ਸੀਈਓ ਸਤਿੰਦਰ ਸਿੰਘ ਤੇ ਕੈਰੀਅਰ ਕਾਉਂਸਲਰ ਰੂਪਸੀ ਪਾਹੂਜਾ ਵੀ ਮੌਜੂਦ ਸਨ।