ਪਟਿਆਲਾ : ਵਿਗਿਆਨ ਇੱਕ ਅਜਿਹਾ ਗਿਆਨ ਹੈ ਜੋ ਹਮੇਸ਼ਾ ਬਦਲਦਾ ਰਹਿੰਦਾ ਹੈ। ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਸ਼ੁਰੂ ਹੋਏ ਵਿਗਿਆਨ ਮੇਲੇ ਦਾ ਉਦਘਾਟਨੀ ਭਾਸ਼ਣ ਦਿੰਦਿਆਂ ਹੋਇਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਦਰਅਸਲ ਕੋਈ ਵੀ ਗਿਆਨ ਕਦੇ ਸੰਪੂਰਨ ਨਹੀਂ ਹੁੰਦਾ। ਵਿਗਿਆਨ ਦੇ ਖੇਤਰ ਵਿੱਚ ਜੋ ਗੱਲਾਂ ਕੁੱਝ ਸਾਲ ਪਹਿਲਾਂ ਅੰਤਿਮ ਸੱਚ ਵਰਗੀਆਂ ਜਾਪਦੀਆਂ ਸਨ ਉਨ੍ਹਾਂ ਬਾਰੇ ਨਵੇਂ ਸਵਾਲ ਸਾਹਮਣੇ ਆਉਂਦਿਆਂ ਹੀ ਵਿਗਿਆਨੀ ਨਵੀਂਆਂ ਸੰਭਾਵੀ ਦਿਸ਼ਾਵਾਂ ਦੀ ਥਾਹ ਪਾਉਣ ਹਿਤ ਖੋਜ ਕਰਨ ਵਿੱਚ ਜੁਟ ਗਏ ਹਨ।
ਵਿਗਿਆਨ ਦਾ ਇਹੋ ਸੱਚ ਹੈ। ਜਦੋਂ ਲਗਦਾ ਹੈ ਕਿ ਸਾਨੂੰ ਬਹੁਤ ਕੁੱਝ ਪਤਾ ਲੱਗ ਗਿਆ ਹੈ ਤਾਂ ਨਵੇਂ ਉੱਭਰੇ ਸਵਾਲ ਸੂਚਿਤ ਕਰਦੇ ਹਨ ਕਿ ਹਾਲੇ ਹੋਰ ਬਹੁਤ ਕੁੱਝ ਹੈ ਜਿਸ ਬਾਰੇ ਜਾਣਨਾ ਬਾਕੀ ਹੈ। ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨਾਲ਼ ਸਿੱਧਾ ਸੰਵਾਦ ਰਚਾਉਂਦਿਆਂ ਉਨ੍ਹਾਂ ਦੀ ਜਿਗਿਆਸਾ ਵਿੱਚੋਂ ਨਿੱਕਲੇ ਸਵਾਲਾਂ ਦੇ ਉੱਤਰ ਵੀ ਦਿੱਤੇ ਗਏ। ਵਿਗਿਆਨ ਮੇਲੇ ਦੇ ਕੋਆਰਡੀਨੇਟਰ ਪ੍ਰੋ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਲਗਾਤਾਰ ਤੀਜੇ ਸਾਲ ਇਹ ਵਿਗਿਆਨ ਮੇਲਾ ਕਰਵਾਇਆ ਜਾ ਰਿਹਾ ਹੈ।
ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮਾਮਲਿਆਂ ਬਾਰੇ ਮੰਤਰਾਲੇ ਅਧੀਨ ਕੰਮ ਕਰਦੀ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਪਿਛਲੇ ਕਰਵਾਏ ਗਏ ਪਿਛਲੇ ਦੋ ਮੇਲਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਮੇਲੇ ਵਿੱਚ ਸਿ਼ਰਕਤ ਕਰਨ ਵਾਲ਼ੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਪਿਛਲੇ ਸਾਲਾਂ ਦੇ ਮੁਕਾਬਲੇ ਵਧ ਗਈ ਹੈ।
ਜਿ਼ਕਰਯੋਗ ਹੈ ਕਿ ਇਸ ਮੇਲੇ ਵਿੱਚ ਜਿੱਥੇ ਇੱਕ ਪਾਸੇ ਵਿਗਿਆਨ ਅਤੇ ਤਕਨਾਲੌਜੀ ਖੇਤਰ ਦੇ ਮਾਹਿਰਾਂ ਦੇ ਭਾਸ਼ਣ ਚਲਦੇ ਹਨ ਉੱਥੇ ਹੀ ਦੂਜੇ ਪਾਸੇ ਵਿਗਿਆਨ ਪ੍ਰਦਰਸ਼ਨੀਆਂ, ਵਿਗਿਆਨਕ ਮੁਕਾਬਲੇ, ਵਰਕਸ਼ਾਪ ਆਦਿ ਗਤੀਵਿਧੀਆਂ ਨਾਲ਼ੋ ਨਾਲ਼ ਚਲਦੀਆਂ ਹਨ। ਇਸ ਮੇਲੇ ਦੌਰਾਨ ਯੂਨੀਵਰਸਿਟੀ ਵਿਚਲੀਆਂ ਵਿਗਿਆਨਕ ਮਹੱਤਵ ਵਾਲ਼ੀਆਂ ਵੱਖ-ਵੱਖ ਥਾਵਾਂ ਨੂੰ ਵੀ ਬਾਹਰੋਂ ਆਏ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਂਦਾ ਹੈ।
ਯੂਨੀਵਰਸਿਟੀ ਵਿਖੇ ਸਥਿਤ ਉੱਤਰ ਭਾਰਤ ਦੀ ਮਹੱਤਵਪੂਰਣ ਖਗੋਲ ਔਬਜ਼ਰਵੇਟਰੀ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਗਿਆਨ ਨਾਲ਼ ਸੰਬੰਧਤ ਵਿਭਾਗਾਂ ਦੀਆਂ ਪ੍ਰਯੋਗਸ਼ਾਲਾਵਾਂ, ਬੋਟੈਨੀਕਲ ਗਾਰਡਨ, ਹਰਬੇਰੀਅਮ, ਮਿਊਜ਼ੀਅਮ ਅਤੇ ਹੋਰ ਥਾਵਾਂ ਨੂੰ ਵੇਖਣ ਲਈ ਖੋਲ੍ਹ ਦਿੱਤਾ ਜਾਂਦਾ ਹੈ। ਮੇਲੇ ਦੌਰਾਨ ਲੱਗਣ ਵਾਲ਼ੀ ਵਰਮੀ ਕੰਪੋਸਟ ਖਾਦ ਸੰਬੰਧੀ ਵਰਕਸ਼ਾਪ ਬਾਰੇ ਗੱਲ ਕਰਦਿਆਂ ਪ੍ਰੋ. ਬਲਵਿੰਦਰ ਸੂਚ ਨੇ ਦੱਸਿਆ
ਕਿ ਮੇਲੇ ਦੇ ਦੂਜੇ ਦਿਨ ਇੱਕ ਹੋਸਟਲ ਵਿੱਚ ਵਰਮੀ ਕੰਪੋਸਟ ਖਾਦ ਦੇ ਪ੍ਰਾਜੈਕਟ ਦਾ ਉਦਘਾਟਨ ਵੀ ਕੀਤਾ ਜਾਵੇਗਾ ਤਾਂ ਕਿ ਹੋਸਟਲ ਮੈੱਸ ਦੀ ਰਹਿੰਦ ਖੂੰਹਦ ਤੋਂ ਖਾਦ ਤਿਆਰ ਕਰ ਕੇ ਉਸ ਨੂੰ ਪੌਦਿਆਂ ਲਈ ਵਰਤਿਆ ਜਾ ਸਕੇ। ਉਦਘਾਟਨੀ ਸੈਸ਼ਨ ਉਪਰੰਤ ਡਾ. ਉਂਕਾਰ ਸਿੰਘ ਵੱਲੋਂ 'ਜਲਗਾਹਾਂ ਦਾ ਮਹੱਤਵ' ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਮੇਲੇ ਦੇ ਪਹਿਲੇ ਦਿਨ ਕੈਂਪਸ ਵਿੱਚ ਰੈਲੀ ਵੀ ਕੱਢੀ ਗਈ। ਪਹਿਲੇ ਦਿਨ ਵਿਦਿਆਰਥੀਆਂ ਨੇ ਮੌਡਲ/ਪ੍ਰੋਟੋਟਾਈਪ, ਨਾਅਰ੍ਹਾ ਲੇਖਣੀ ਅਤੇ ਵਾਦ-ਵਿਵਾਦ ਦੇ ਮਕਾਬਲਿਆਂ ਵਿੱਚ ਉਤਸ਼ਾਹ ਨਾਲ਼ ਭਾਗ ਲਿਆ।
ਉਦਘਾਟਨੀ ਸੈਸ਼ਨ ਦਾ ਸੰਚਾਲਨ ਇਸ ਮੇਲੇ ਦੇ ਕਨਵੀਨਰ ਡਾ. ਗੁਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਧੰਨਵਾਦੀ ਭਾਸ਼ਣ ਡੀਨ ਖੋਜ ਡਾ. ਮਨਜੀਤ ਪਾਤੜ ਵੱਲੋਂ ਦਿੱਤਾ ਗਿਆ। ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਵਿਗਿਆਨ ਮੇਲੇ ਵਿੱਚ ਲੱਗੀਆਂ ਵੱਖ-ਵੱਖ ਪ੍ਰਦਰਸ਼ਨੀਆਂ ਦਾ ਵੀ ਦੌਰਾ ਕੀਤਾ। ਉਨ੍ਹਾਂ ਪ੍ਰਦਰਸ਼ਨੀਆਂ ਦੇ ਆਯੋਜਕਾਂ ਦਾ ਹੌਸਲਾ ਵਧਾਇਆ।