ਮਹਿਲ ਕਲਾਂ/ਬਰਨਾਲਾ, : 21 ਪੰਜਾਬ ਰੈਜੀਮੈਂਟ ਦਾ ਬਹਾਦਰ ਸਿਪਾਹੀ ਅਮਰਦੀਪ ਸਿੰਘ (23) ਪੁੱਤਰ ਮਨਜੀਤ ਸਿੰਘ, ਜੋ ਲੰਘੀ 25 ਅਪਰੈਲ ਨੂੰ ਸਿਆਚਿਨ ਵਿਖੇ ਆਪਣੀ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ, ਦਾ ਅੱਜ ਪਿੰਡ ਕਰਮਗੜ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਸ਼ਹੀਦ ਸੈਨਿਕ ਨੂੰ ਸਲਾਮੀ ਦਿੱਤੀ ਗਈ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਸਮੇਤ ਵੱਖ ਵੱਖ ਸ਼ਖਸੀਅਤਾਂ ਅਤੇ ਪਿੰਡ ਵਾਸੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਬਹਾਦਰ ਸੈਨਿਕ ਅਮਰਦੀਪ ਸਿੰਘ ਨੇ ਜਵਾਨੀ ਵਿਚ ਦੇਸ਼ ਤੋਂ ਆਪਾ ਵਾਰ ਦਿੱਤਾ। ਉਨਾਂ ਸ਼ਹੀਦ ਸੈਨਿਕ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਸੈਨਿਕ ਅਮਰਦੀਪ ਸਿੰਘ ਦੀ ਆਪਣੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਸਾਡੇ ਸਭ ਲਈ ਮਿਸਾਲ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਪਰਿਵਾਰ ਦੇ ਹਮੇਸ਼ਾ ਨਾਲ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ 50 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਮੁਆਵਜ਼ਾ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਮਾਨੀਟਰਿੰਗ ਰੱਖਿਆ ਸੇਵਾਵਾਂ ਭਲਾਈ ਪੰਜਾਬ ਦੇ ਡਿਪਟੀ ਡਾਇਰੈਕਟਰ ਕਰਨਲ (ਸੇਵਾਮੁਕਤ) ਜਰਨੈਲ ਸਿੰਘ, ਜ਼ਿਲਾ ਰੱਖਿਆ ਭਲਾਈ ਸੇਵਾਵਾਂ ਦਫਤਰ ਬਰਨਾਲਾ ਤੋਂ ਸੁਪਰਡੈਂਟ ਰਵਿੰਦਰ ਸਿੰਘ, ਭਲਾਈ ਪ੍ਰਬੰਧਕ ਕੈਪਟਨ ਸੁਖਪਾਲ ਸਿੰਘ, 21 ਪੰਜਾਬ ਰੈਜੀਮੈਂਟ ਤੋਂ ਨਾਇਬ ਸੂਬੇਦਾਰ ਸੁਖਦੇਵ ਸਿੰਘ, ਕਲਰਕ ਜਗਦੀਪ ਸਿੰਘ ਤੇ ਹੋਰਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।