ਮਾਲੇਰਕੋਟਲਾ : ਘਰ ਘਰ ਮੁਫਤ ਰਾਸ਼ਨ’ਪਹਿਲਕਦਮੀ (ਸਕੀਮ) ਅਧੀਨ ਰਜਿਸਟਰਡ ਹਰੇਕ ਲਾਭਪਾਤਰੀ ਤੱਕ ਰਾਸ਼ਨ ਪਹੁੰਚਾਉਣ ਨੂੰ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਜੋ ਹਰੇਕ ਯੋਗ ਲਾਭਪਾਤਰੀ ਨੂੰ ਘਰ ਤੱਕ ਰਾਸ਼ਨ ਨਿਰਵਿਘਨ ਪਹੁੰਚ ਸਕੇ । ਇਸ ਗੱਲ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਹਿਲੇ ਫੇਜ਼ ਅਧੀਨ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਕਰੀਬ 9615 ਰਾਸ਼ਨ ਕਾਰਡ ਧਾਰਕਾਂ ਦੇ ਕਰੀਬ 36,627 ਪਰਿਵਾਰਕ ਮੈਂਬਰਾਂ ਨੂੰ ‘ਘਰ-ਘਰ ਰਾਸ਼ਨ’ ਸਕੀਮ ਅਧੀਨ ਪੰਜਾਬ ਸਟੇਟ ਕੋਆਪ੍ਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਡ (ਮਾਰਕਫੈੱਡ) ਵੱਲੋਂ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ । ਜ਼ਿਲ੍ਹੇ ਲਈ 187 ਮੀਟਰਕ ਟਨ ਰਸਦ ਦੀ ਪ੍ਰਾਪਤ ਹੋਈ ਹੈ ਜਿਸ ਵਿੱਚੋਂ ਹੁਣ ਤੱਕ ਕਰੀਬ 2200 ਲਾਭਪਾਤਰੀਆਂ ਨੂੰ ਘਰ ਘਰ ਜਾ ਕੇ ਵੰਡ ਕੀਤੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਕੰਟਰੋਲਰ ਅਤੇ ਜ਼ਿਲ੍ਹਾ ਮੈਨੇਜਰ ਮਾਰਕਫੈੱਡ ਨੂੰ ਵੰਡ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਸਮੇਂ ਸਿਰ ਰਾਸ਼ਨ ਮਿਲ ਸਕੇ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਸਕੀਮ ਨੂੰ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ ਅਤੇ ਕਿਸੇ ਵੀ ਲਾਭਪਾਤਰੀ ਨੂੰ ਪਹਿਲਾਂ ਵਾਂਗ ਰਾਸ਼ਨ ਲੈਣ ਲਈ ਡਿਪੂਆਂ ਤੱਕ ਨਾ ਜਾਣਾ ਪਵੇ। ਸਬੰਧਤ ਅਧਿਕਾਰੀ ਨੂੰ ਵਾਧੂ ਵਾਹਨ ਉਪਲਬਧ ਕਰਵਾਉਣ ਲਈ ਕਿਹਾ ਗਿਆ ਤਾਂ ਜੋ ਟੀਮਾਂ ਵੰਡ ਦੀ ਸਮਾਂ-ਸੀਮਾ ਨੂੰ ਖੁੰਝੇ ਬਿਨਾਂ ਪੂਰੇ ਜ਼ਿਲ੍ਹੇ ਨੂੰ ਕਵਰ ਕਰ ਸਕਣ।