ਫ਼ਤਹਿਗੜ੍ਹ ਸਾਹਿਬ : ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਕਿ ਐਸ.ਪੀ. (ਡੀ) ਸ਼੍ਰੀ ਰਾਕੇਸ਼ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ. (ਡੀ) ਸ਼੍ਰੀ ਕੇ.ਕੇ. ਪੈਂਥੇ ਅਤੇ ਡੀ.ਐਸ.ਪੀ. (ਹੈ/ਕੁ) ਸ਼੍ਰੀਮਤੀ ਹਰਪਿੰਦਰ ਕੌਰ ਗਿੱਲ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਸਪੈਕਟਰ ਅਮਰਬੀਰ ਸਿੰਘ ਦੀ ਟੀਮ ਨੇ ਮੰਡੀ ਗੋਬਿੰਦਗੜ੍ਹ ਅਤੇ ਚੰਡੀਗੜ੍ਹ ਦੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 17 ਕਿਲੋ 500 ਗ੍ਰਾਮ ਅਫੀਮ ਅਤੇ 15 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਨਾਕੇਬੰਦੀ ਦੌਰਾਨ ਕਥਿਤ ਦੋਸ਼ੀ ਕਰਤਾਰ ਸਿੰਘ ਉਰਫ ਕਾਲਾ ਪੁੱਤਰ ਸ਼ੇਰ ਸਿੰਘ ਅਤੇ ਸੰਜੇ ਕੁਮਾਰ ਪੁੱਤਰ ਨਸੀਬ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਉਨ੍ਹਾਂ ਦੀ ਗੱਡੀ ਮਹਿੰਦਰਾ ਐਕਸ.ਯੁ.ਵੀ.-700-ਯੂ.ਕੇ.08ਬੀ.ਡੀ.-5000 ਸਮੇਤ ਕਾਬੂ ਕਰਕੇ ਉਨ੍ਹਾਂ ਪਾਸੋਂ 10 ਕਿਲੋ 500 ਗ੍ਰਾਮ ਅਫੀਮ ਅਤੇ 05 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਵਿਰੁੱਧ ਥਾਣਾ ਮੰਡੀ ਗੋਬਿਦਗੜ੍ਹ ਵਿਖੇ ਐਨ.ਡੀ.ਪੀ.ਐਸ. ਦੀ ਧਾਰਾ 18ਸੀ,29/61/85 ਅਧੀਨ ਮੁਕੱਦਮਾ ਨੰਬਰ 34 ਮਿਤੀ 21.02.2024 ਨੂੰ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਹੋਰ ਦੱਸਿਆ ਕਿ ਪੁਲਿਸ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਕਰਤਾਰ ਸਿੰਘ ਉਰਫ ਕਾਲਾ ਉਪਰ ਪਹਿਲਾਂ ਵੀ ਅਫੀਮ ਤੇ ਭੁੱਕੀ ਦੇ 5 ਮੁਕੱਦਮੇ ਦਰਜ਼ ਹਨ ਅਤੇ ਉਹ ਜਮਾਨਤ ਤੇ ਜੇਲ੍ਹ ਵਿੱਚੋਂ ਬਾਹਰ ਆਇਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਝਾਰਖੰਡ ਸਟੇਟ ਤੋਂ ਅਫੀਮ ਲੈ ਕੇ ਆਉਂਦੇ ਸਨ ਅਤੇ ਇਸ ਦੀ ਸਪਲਾਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਦੇ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਅਫੀਮ ਚੰਡੀਗੜ੍ਹ ਵਿੱਚ ਪ੍ਰਦੀਪ ਕੁਮਾਰ ਪੁੱਤਰ ਹੁਕਮ ਚੰਦ ਵਾਸੀ ਫੇਸ-7 ਮੋਹਾਲੀ ਅਤੇ ਅਨਿਲ ਕੁਮਾਰ ਪੁੱਤਰ ਸ਼ੰਭੂ ਕੇਅਰ ਆਫ ਪ੍ਰਦੀਪ ਫਰਨੀਚਰ ਹਾਊਸ, ਫਰਨੀਚਰ ਮਾਰਕੀਟ ਚੰਡੀਗੜ੍ਹ ਨੂੰ ਸਪਲਾਈ ਕਰਦੇ ਸਨ।
ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਮਿਤੀ 21.02.2024 ਨੂੰ ਪ੍ਰਦੀਪ ਕੁਮਾਰ ਵੀ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਹੋਰ ਦੱਸਿਆ ਕਿ 22 ਫਰਵਰੀ ਨੂੰ ਕਥਿਤ ਦੋਸ਼ੀ ਦੀ ਫਰਨੀਚਰ ਦੀ ਦੁਕਾਨ, ਫਰਨੀਚਰ ਮਾਰਕੀਟ ਚੰਡੀਗੜ੍ਹ ਤੋਂ 07 ਕਿਲੋ ਅਫੀਮ ਅਤੇ 10 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਕਥਿਤ ਦੋਸ਼ੀ ਪ੍ਰਦੀਪ ਕੁਮਾਰ ਤੇ ਪਹਿਲਾਂ ਵੀ ਅਫੀਮ ਦੇ ਮੁਕੱਦਮੇ ਦਰਜ਼ ਹਨ ਅਤੇ ਉਹ ਜਮਾਨਤ ਤੇ ਜੇਲ੍ਹ ਵਿੱਚੋਂ ਬਾਹਰ ਆਇਆ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਦੀ ਟੀਮ ਨੇ ਇਨ੍ਹਾਂ ਤਿੰਨਾਂ ਕਥਿਤ ਦੋਸ਼ੀਆਂ ਤੇ ਕੁੱਲ 17 ਕਿਲੋ 500 ਗ੍ਰਾਮ ਅਫੀਮ ਅਤੇ 15 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਕਰਤਾਰ ਸਿੰਘ ਉਰਫ ਕਾਲਾ ਤੇ ਥਾਣਾ ਮੰਡੀ ਗੋਬਿੰਦਗੜ੍ਰ, ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ, ਥਾਣਾ ਮਾਡਲ ਟਾਊਨ ਲੁਧਿਆਣਾ ਅਤੇ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਪਹਿਲਾਂ ਵੀ 05 ਮੁਕੱਦਮੇ ਦਰਜ਼ ਹਨ ਅਤੇ ਕਥਿਤ ਦੋਸ਼ੀ ਪ੍ਰਦੀਪ ਕੁਮਾਰ ਤੇ ਜ਼ਿਲ੍ਹਾ ਮੋਹਾਲੀ ਦੇ ਫੇਸ-1 ਦੇ ਥਾਣੇ ਵਿੱਚ 02 ਮੁਕੱਦਮੇ ਦਰਜ਼ ਹਨ।