ਫਤਿਹਗੜ੍ਹ ਸਾਹਿਬ : ਹਾਈ ਰਿਸ਼ਕ ਗਰਭਵਤੀ ਔਰਤਾਂ ਨੂੰ ਸਮੇਂ ਤੋਂ ਪਹਿਲਾਂ ਪਹਿਚਾਨਣ ਅਤੇ ਸਮਾ ਰਹਿੰਦਿਆਂ ਉਹਨਾਂ ਦਾ ਇਲਾਜ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਸੁਰੱਖਿਅਤ ਮਾਤ੍ਰਤਵ ਅਭਿਆਨ ਮਨਾਇਆ ਜਾਂਦਾ ਹੈ। ਜਿਸ ਦੀ ਕੜੀ ਵਜੋਂ ਅੱਜ ਜ਼ਿਲਾ ਹਸਪਤਾਲ ਵਿੱਚ ਗਰਭਵਤੀ ਔਰਤਾਂ ਦਾ ਵਿਸੇਸ਼ ਮੈਡੀਕਲ ਚੈੱਕਅਪ ਤੇ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਗਰਭਵਤੀ ਔਰਤਾਂ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਉਠਉਣਾ ਚਾਹੀਦਾ ਹੈ। ਉਹਨਾਂ ਗਰਭਵਤੀਆਂ ਨੂੰ ਮੁਫ਼ਤ ਐਕਸਰੇ, ਅਲਟਰਾਸਾਂਉਡ, ਦਵਾਈਆਂ , ਨਿਰਧਾਰਿਤ ਐਂਟੀਨੇਟਲ ਚੈੱਕਅਪ ਕਰਾਉਣ ਅਤੇ ਸਰਕਾਰੀ ਸੰਸਥਾਂ ਵਿਚ ਜਣੇਪਾ ਕਰਵਾਉਣ ਲਈ ਉਤਸ਼ਾਹਿਤ ਕੀਤਾ।
ਔਰਤ ਰੋਗਾਂ ਦੇ ਮਾਹਿਰ ਡਾ ਨੀਰੂ ਸਿਆਲ ਨੇ ਦੱਸਿਆ ਕਿ ਸਰਕਾਰ ਵੱਲੋਂ ਗਰਭਵਤੀਆਂ ਨੂੰ ਸਰਕਾਰੀ ਸੰਸਥਾਵਾਂ ਵਿਚ ਪ੍ਰੈਗਨੈਂਸੀ ਟੈਸਟ ਤੋਂ ਲੈਕੇ ਜਣੇਪੇ ਦੇ 42 ਦਿਨਾਂ ਤੱਕ ਵੀ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਇਸ ਲਈ ਵਿਭਾਗ ਦੀਆਂ ਹਦਾਇਤਾ ਅਨੁਸਾਰ ਗਰਭਵਤੀਆਂ ਦੇ ਦੋ ਅਲਟ੍ਰਾਸਾਂਊਡ ਵੀ ਮੁਫਤ ਕੀਤੇ ਜਾਂਦੇ ਹਨ ਤੇ ਸੰਸਥਾਗਤ ਜਣੇਪਾ ਕਰਵਾਉਣ ਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਨਵਜੰਮੇ ਲੜਕੇ ਦਾ 1 ਸਾਲ ਤੱਕ ਅਤੇ ਲੜਕੀਆਂ ਦਾ 5 ਸਾਲ ਤੱਕ ਦੀ ਉਮਰ ਤੱਕ ਲੋੜ ਪੈਣ ਤੇ ਇਲਾਜ਼ ਵੀ ਮੁਫਤ ਕੀਤਾ ਜਾਂਦਾ ਹੈ। ਸਿਵਲ ਸਰਜਨ ਨੇ ਜਿਲ੍ਹਾ ਹਸਪਤਾਲ ਵਿੱਚ ਇਸ ਵਿਸ਼ੇਸ਼ ਕੈਂਪ ਦਾ ਲਾਭ ਉਠਾਉਣ ਲਈ ਆਈਆਂ ਗਰਭਵਤੀ ਔਰਤਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਖੁਰਾਕ ਸਮੱਗਰੀ ਵੀ ਵੰਡੀ। ਇਸ ਮੌਕੇ ਤੇ ਜਿਲਾ ਪ੍ਰੋਗਰਾਮ ਮੈਨੇਜਰ ਡਾ ਕਸੀਤਿਜ ਸੀਮਾ,ਔਰਤਾਂ ਰੋਗਾਂ ਦੇ ਮਾਹਿਰ ਡਾ ਨੀਰੂ ਸਿਆਲ,ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ,ਜਸਵਿੰਦਰ ਕੌਰ, ਕੌਂਸਲਰ ਬਲਜੀਤ ਸਿੰਘ ਅਤੇ ਹੋਰ ਮੌਜੂਦ ਸਨ।