ਪਟਿਆਲਾ : ਪੰਜਾਬੀ ਯੂਨੀਵਰਸਿਟੀ ਵੱਲੋਂ 28 ਫਰਵਰੀ ਨੂੰ ਕਰਵਾਈ ਜਾ ਰਹੀ 40ਵੀਂ ਕਨਵੋਕੇਸ਼ਨ ਵਿੱਚ ਵੀ ਡਿਗਰੀਆਂ ਦੇ ਨਾਲ਼-ਨਾਲ਼ ਕੁੱਝ ਵੱਖ-ਵੱਖ ਵੰਨਗੀਆਂ ਦੇ ਮੈਡਲ ਵੀ ਦਿੱਤੇ ਜਾਣੇ ਹਨ। ਇਨ੍ਹਾਂ ਵਿੱਚ 9 ਮੈਡਲ ਉਹ ਹਨ ਜੋ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ/ਪਰਿਵਾਰਾਂ ਵੱਲੋਂ ਦਿੱਤੀ ਗਈ ਦਾਨ ਰਾਸ਼ੀ ਦੇ ਵਿਆਜ ਨਾਲ਼ ਦਿੱਤੇ ਜਾਂਦੇ ਹਨ। ਉਪ-ਕੁਲਪਤੀ ਪ੍ਰੋ. ਅਰਵਿੰਦ ਦਾ ਕਹਿਣਾ ਹੈ ਕਿ ਆਪਣੇ ਪਿਆਰਿਆਂ ਨੂੰ ਯਾਦ ਰੱਖਣ ਦਾ ਇਹ ਬਹੁਤ ਹੀ ਵਧੀਆ ਢੰਗ ਹੁੰਦਾ ਹੈ। ਇਨ੍ਹਾਂ ਮੈਡਲ ਨਾਲ਼ ਜਿੱਥੇ ਸੰਬੰਧਤ ਸ਼ਖ਼ਸੀਅਤ ਦਾ ਨਾਮ ਚੇਤਿਆਂ ਵਿੱਚ ਰਹਿੰਦਾ ਹੈ ਓਥੇ ਹੀ ਵਿਦਿਆਰਥੀਆਂ ਨੂੰ ਪ੍ਰੇਰਣਾ ਤੇ ਮਦਦ ਵੀ ਮਿਲਦੀ ਹੈ। ਜ਼ਿਕਰਯੋਗ ਹੈ ਕਿ ਸਵਰਗਵਾਸੀ ਪ੍ਰੋਫੈਸਰ ਤਾਰਾ ਸਿੰਘ ਦੇ ਨਾਮ ਉੱਤੇ ਯੂਨੀਵਰਸਿਟੀ ਦੀ ਕਨਵੋਕੇਸ਼ਨ ਦੇ ਮੌਕੇ ਦੋ ਮੈਡਲ (ਇਕ ਐੱਮ.ਏ. ਗਾਇਨ ਅਤੇ ਇੱਕ ਐੱਮ.ਏ ਵਾਦਨ ਵਿਚੋਂ ਟਾਪਰ ਰਹੇ ਵਿਦਿਆਰਥੀ ਨੂੰ) ਦਿੱਤੇ ਜਾਂਦੇ ਹਨ। ਇਨ੍ਹਾਂ ਦੋਵੇਂ ਮੈਡਲਾਂ ਦੇ ਨਾਮ ਕ੍ਰਮਵਾਰ 'ਪ੍ਰੋ. ਤਾਰਾ ਸਿੰਘ ਯਾਦਗਾਰੀ ਮੈਡਲ (ਸੰਗੀਤ-ਗਾਇਨ)' ਅਤੇ 'ਪ੍ਰੋ. ਤਾਰਾ ਸਿੰਘ ਯਾਦਗਾਰੀ ਮੈਡਲ (ਸੰਗੀਤ-ਵਾਦਨ)' ਹਨ। ਸ੍ਰੀਮਤੀ ਸੁਰਜੀਤ ਤਾਰਾ ਸਿੰਘ ਵੱਲੋਂ ਇਸ ਮਕਸਦ ਲਈ ਤਿੰਨ ਲੱਖ ਰੁਪਏ ਦੀ ਰਾਸ਼ੀ ਯੂਨੀਵਰਸਿਟੀ ਦੇ ਐਡੋਮੈਂਟ ਫੰਡ ਵਿਚ ਜਮ੍ਹਾਂ ਕਰਵਾਈ ਗਈ ਸੀ, ਜਿਸ ਦੇ ਵਿਆਜ ਦੀ ਰਾਸ਼ੀ ਵਿਚੋਂ ਇਹ ਮੈਡਲ ਪ੍ਰਦਾਨ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪਰੋ ਵਾਈਸ-ਚਾਂਸਲਰ ਰਹੇ ਡਾ. ਰਾਮ ਮੂਰਤੀ ਗੋਇਲ, ਵੱਲੋਂ ਆਪਣੀ ਸਵਰਗਵਾਸੀ ਮਾਤਾ ਸ੍ਰੀਮਤੀ ਲਕਸ਼ਮੀ ਦੇਵੀ ਦੀ ਯਾਦ ਵਿਚ 'ਲਕਸ਼ਮੀ ਦੇਵੀ ਮੈਮੋਰੀਅਲ ਮੈਡਲ' ਸਥਾਪਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਸੀ। ਇਹ ਮੈਡਲ ਬੀ.ਏ./ਬੀ. ਐੱਸ ਸੀ. ਦੀ ਪ੍ਰੀਖਿਆ ਵਿੱਚ ਮੈਥੇਮੈਟਿਕਸ ਵਿਸ਼ੇ ਵਿੱਚੋਂ ਅਵਲ ਆਉਣ ਵਾਲ਼ੇ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਡਾ.ਅਜੀਤ ਪੁਰੀ ਨੇ ਵੀ ਆਪਣੇ ਪਿਤਾ ਦੀ ਯਾਦ ਵਿੱਚ ਐੱਮ. ਐੱਸ ਸੀ.(ਫੋਰੈਂਸਿਕ ਸਾਇੰਸ) ਵਿੱਚੋਂ ਅਵਲ ਆਉਣ ਵਾਲ਼ੇ ਵਿਦਿਆਰਥੀ ਲਈ 'ਦੀਵਾਨ ਕੇ. ਐੱਸ. ਪੁਰੀ ਗੋਲਡ ਮੈਡਲ' ਸਥਾਪਤ ਕਰਵਾਇਆ ਸੀ। ਇਸੇ ਤਰ੍ਹਾਂ ਜਗਜੀਤ ਸਿੰਘ ਅਤੇ ਸ੍ਰੀਮਤੀ ਹਰਸ਼ਰਨ ਕੌਰ, ਪਟਿਆਲਾ ਵੱਲੋਂ ਆਪਣੀ ਸਪੁੱਤਰੀ ਬੀਬੀ ਚਰਨਜੀਤ ਕੌਰ ਦੇ ਨਾਮ ਉੱਤੇ ਸਟੈਟੇਸਟਿਕਸ ਵਿਭਾਗ ਵਿੱਚ ਬੀ. ਐੱਸ.ਸੀ (ਸੀ.ਐਸ.ਐਮ.) ਦੇ ਟਾਪਰ ਵਿਦਿਆਰਥੀ ਨੂੰ 'ਮਿਸ ਚਰਨਜੀਤ ਕੌਰ ਯਾਦਗਾਰੀ ਮੈਡਲ' ਦੇਣ ਲਈ ਰਾਸ਼ੀ ਜਮ੍ਹਾਂ ਕਰਵਾਈ ਗਈ ਸੀ।
ਡਾ. ਮਦਨਜੀਤ ਕੌਰ, ਮੁਹਾਲੀ ਵੱਲੋਂ ਯੂਨੀਵਰਸਿਟੀ ਵਿਖੇ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਦੇਣ ਦੇ ਸਬੰਧ ਵਿਚ ਚਾਰ ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਗਈ ਸੀ। ਇੱਕ ਗੋਲਡ ਮੈਡਲ ਦਾ ਨਾਮ 'ਬੀਬੀ ਸ਼ਰਨਜੀਤ ਕੌਰ ਮੈਮੋਰੀਅਲ ਗੋਲਡ ਮੈਡਲ' ਰੱਖਿਆ ਗਿਆ, ਜੋ ਐੱਮ.ਏ. ਇਤਿਹਾਸ ਵਿਚੋਂ ਟਾਪਰ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ। ਇਸ ਰਾਸ਼ੀ ਨਾਲ਼ ਇਕ ਹੋਰ ਗੋਲਡ ਮੈਡਲ ਦਾ ਨਾਮ 'ਸਰਦਾਰ ਮਹਿੰਦਰ ਸਿੰਘ ਮੈਮੋਰੀਅਲ ਗੋਲਡ ਮੈਡਲ' ਰੱਖਿਆ ਹੈ ਜੋ ਐੱਮ.ਏ. ਪੰਜਾਬੀ ਵਿਚੋਂ ਟਾਪਰ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ। ਇਕ ਹੋਰ ਗੋਲਡ ਮੈਡਲ ਦਾ ਨਾਮ 'ਸਰਦਾਰਨੀ ਵਰਿਆਮ ਕੌਰ ਮੈਮੋਰੀਅਲ ਗੋਲਡ ਮੈਡਲ' ਰੱਖਿਆ ਗਿਆ, ਜੋ ਐੱਮ. ਐੱਸ ਸੀ. ਬਾਇਓਟੈਕਨਾਲੋਜੀ ਵਿਚੋਂ ਟਾਪਰ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ। ਇਹ ਤਿੰਨੋਂ ਗੋਲਡ ਮੈਡਲ ਡਾ. ਮਦਨਜੀਤ ਕੋਰ ਮੁਹਾਲੀ ਵੱਲੋਂ ਪ੍ਰਾਪਤ ਹੋਈ ਰਾਸ਼ੀ ਦੇ ਵਿਆਜ ਵਿਚੋਂ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਸ੍ਰੀਮਤੀ ਹਰਪ੍ਰੀਤ ਕੌਰ, ਡਿਪਟੀ ਰਜਿਸਟਰਾਰ (ਰਿਟਾਇਰਡ), ਮਿਸ ਰੂਬੀ ਕੌਰ, ਸਹਾਇਕ ਰਜਿਸਟਰਾਰ (ਵੈਰੀਫੀਕੇਸ਼ਨ) ਅਤੇ ਅਰਜਨ ਅਵਤਾਰ ਸਿੰਘ, ਸੀਨੀਅਰ ਸਹਾਇਕ ਵੱਲੋਂ ਸਾਂਝੇ ਰੂਪ ਵਿੱਚ ਸ.ਸਰਬਪ੍ਰੀਤ ਸਿੰਘ (ਲਾਲੀ) ਦੀ ਯਾਦ ਵਿੱਚ ਐੱਮ.ਏ. ਥੀਏਟਰ ਐਂਡ ਟੈਲੀਵੀਜ਼ਨ (ਫਾਈਨਲ) ਵਿੱਚ ਅਵਲ ਆਏ ਵਿਦਿਆਰਥੀ ਨੂੰ 'ਸ.ਸਰਬਪ੍ਰੀਤ ਸਿੰਘ (ਲਾਲੀ) ਯਾਦਗਾਰੀ ਮੈਡਲ' ਦੇਣ ਲਈ ਰਾਸ਼ੀ ਜਮ੍ਹਾਂ ਕਰਵਾਈ ਗਈ ਸੀ। ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਮਹਾਰਾਸ਼ਟਰਾ ਦੇ ਅਹੁਦੇ ਉੱਤੇ ਰਹੇ ਸ੍ਰੀ ਐੱਸ. ਐੱਸ. ਪੁਰੀ ਵੱਲੋਂ ਆਪਣੇ ਸਵਰਗਵਾਸੀ ਪਿਤਾ ਦੀਵਾਨ ਕੇ. ਐੱਸ ਪੁਰੀ ਦੇ ਨਾਮ ਉੱਤੇ 'ਦੀਵਾਨ ਕੇ.ਐੱਸ. ਪੁਰੀ ਗੋਲਡ ਮੈਡਲ', ਜਿਹੜਾ ਕਿ ਐੱਮ.ਐੱਸ-ਸੀ. ਫ਼ੋਰੈਂਸਿਕ ਸਾਇੰਸ ਦੀ ਪ੍ਰੀਖਿਆ ਵਿਚ ਪ੍ਰਥਮ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ, ਲਈ ਰਾਸ਼ੀ ਜਮ੍ਹਾਂ ਕਰਵਾਈ ਸੀ। ਫ਼ਾਈਨ ਆਰਟਸ ਵਿਸ਼ੇ ਦੀ ਪੋਸਟ ਗ੍ਰੈਜੂਏਟ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਲਈ 'ਸ੍ਰ. ਤ੍ਰਿਲੋਕ ਸਿੰਘ ਚਿੱਤਰਕਾਰ ਗੋਲਡ ਮੈਡਲ' ਦਿੱਤਾ ਜਾਂਦਾ ਹੈ। ਇਹ ਗੋਲਡ ਮੈਡਲ ਇੰਜੀਨੀਅਰ ਜੋਤਿੰਦਰ ਸਿੰਘ, ਪਟਿਆਲਾ ਵੱਲੋਂ ਯੂਨੀਵਰਸਿਟੀ ਨੂੰ ਜਮ੍ਹਾ ਕਰਵਾਈ ਗਈ ਰਾਸ਼ੀ ਦੇ ਨਾਲ਼ ਦਿੱਤਾ ਜਾਂਦਾ ਹੈ। ਇਹ ਗੋਲਡ ਮੈਡਲ ਵਿਦਿਆਰਥੀ ਨੂੰ ਪ੍ਰਦਾਨ ਕਰਨ ਵੇਲ਼ੇ ਸ੍ਰ ਤ੍ਰਿਲੋਕ ਸਿੰਘ ਚਿੱਤਰਕਾਰ ਦਾ ਬਾਇਓਗ੍ਰਾਫ਼ੀਕਲ ਸਕੈੱਚ ਵੀ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ।