(ਔਰਤ ਦਿਵਸ ਤੇ ਇੱਕ ਔਰਤ ਦੀ ਆਵਾਜ)
ਐ "ਮਰਦ-ਪਰਧਾਨ" ਸਮਾਜ ਦੇ ਬਸਿੰਦਿਓ।
ਮੈਂ ਸੁਣਿਆਂ,
ਤੁਸੀਂ ਅੱਜ "ਔਰਤ ਦਿਵਸ" ਮਨਾ ਰਹੇਂ ਹੋਂ ਵਿੱਦਿਅਕ ਸੰਸਥਾਵਾਂ,
ਵੱਡੇ-ਵੱਡੇ ਸ਼ਹਿਰਾਂ ਚ "ਨਾਰੀ-ਚੇਤਨਾ"
ਸਮਾਗਮ ਕਰਾ ਰਹੇ ਹੋਂ।
ਇਹਦੇ ਲਈ, ਤੁਹਾਡਾ ਸ਼ੁਕਰਾਨਾ
ਕਰਨਾ ਤਾਂ ਬਣਦਾ ਪਰ,
ਇਸ ਤੋਂ ਪਹਿਲਾਂ ਕੁੱਝ ਸਵਾਲ ਨੇ ਮੇਰੇ ਮਨ 'ਚ
ਕਿ ਕੀ ਕਦੇ ਸੁਰੱਖਿਅਤ ਹੋਵੇਗਾ,
ਮੇਰਾ "ਕੁੱਖ ਤੋਂ ਕਬਰ" ਤੱਕ ਦਾ ਸਫ਼ਰ.....?
ਕੀ ਮੈਂ ਆਜ਼ਾਦ ਹੋਕੇ, ਸੁਰੱਖਿਅਤ ਘੁੰਮ ਸਕਾਗੀਂ
"ਘਰ ਤੋਂ ਲੈਕੇ ਸਮਾਜ ਵਿੱਚ"..?
ਕੀ ਕਦੇ ਸੰਗਲੀ ਪਵੇਗੀ,
ਉਹਨਾਂ ਸਿਆਸੀ ਪਾਲਤੂ ਕੁੱਤਿਆਂ ਨੂੰ ਜੋ ਸਿਰਫ਼ ਜਿਸਮਾਂ ਦੇ ਭੁੱਖੇ ਨੇ,
ਤੇ ਆਪਣੀ ਇਸ ਭੁੱਖ ਲਈ ਮੇਰੀ ਹੋਂਦ
ਅਤੇ ਮੇਰੀ ਕੁੱਖ ਨੂੰ ਖਤਰੇ 'ਚ ਪਾ ਰਹੇ ਹਨ।
ਕੀ ਮੈਨੂੰ, ਕਵਿਤਾਵਾਂ,ਭਾਸਣਾਂ ਤੇ ਤੁਹਾਡੇ ਸੈਮੀਨਰਾਂ ਦੇ
ਬਿਆਨੀਏ ਲਹਿਜੇ ਤੋਂ ਬਿਨਾਂ,ਤੁਹਾਡੇ ਖਿਆਲਾਂ, ਤੁਹਾਡੀ ਜ਼ਿੰਦਗੀ
ਅਤੇ ਤੁਹਾਡੀ ਸੋਚ ਚ
"ਬਰਾਬਰਤਾ" ਦਾ ਅਧਿਕਾਰ ਮਿਲੇਗਾ....?
ਮਾਫ ਕਰਨਾ ਦੋਸਤੋ,
ਮੈਂ ਉਸੇ ਦਿਨ ਹੀ ਕਬੂਲਾਗੀ "ਔਰਤ ਦਿਵਸ"
ਦੀ ਮੁਬਾਰਕਬਾਦ...
ਲਿਖਤੁਮ:- ਸ.ਸੁਖਚੈਨ ਸਿੰਘ ਕੁਰੜ