ਗੱਲ 1975 ਦੀ ਕਰਦਾਂ। ਉਹਨਾਂ ਦਿਨਾਂ ਵਿੱਚ ਪੇਂਡੂ ਲੋਕ ਬੜੇ ਸਿੱਧੇ ਸਾਧੇ ਹੁੰਦੇ ਸਨ। ਕਿਸੇ ਨੂੰ ਵੀ ਹੋਲੀ ਦਾ ਜਾਂ ਐਪਰਿਲ ਫੂਲ ਦਾ ਕੋਈ ਪਤਾ ਨਹੀਂ ਸੀ ਹੁੰਦਾ ਕਿ ਇਹ ਕਿਸ ਬਲ਼ਾ ਦਾ ਨਾਂ ਹੈ। ਹੋਲੀ ਵਾਲੇ ਦਿਨ ਸ਼ਹਿਰ ਗਿਆਂ ਤੇ ਕਿਸੇ ਪੇਂਡੂ ਤੇ ਜੇ ਕਿਸੇ ਨੇ ਰੰਗ ਦੀ ਪਿਚਕਾਰੀ ਮਾਰ ਦੇਣੀ ਤਾਂ ਉੱਥੇ ਹੀ ਲੜਾਈ ਸ਼ੁਰੂ ਹੋ ਜਾਣੀ ਪਈ ਮੇਰੇ ਕੱਪੜੇ ਗੰਦੇ ਕਰ ਦਿੱਤੇ ਹਨ। ਸਿਆਣੇ ਬੰਦਿਆਂ ਨੇ ਵਿੱਚ ਪੈ ਪੁਆ ਕੇ ਮਾਮਲਾ ਠੰਢਾ ਪੁਆ ਦੇਣਾ।
ਪਿੰਡਾਂ ਵਿੱਚ ਜ਼ਨਾਨੀਆਂ ਜਾਂ ਮੰਡ੍ਹੀਰ ਰੰਗ ਦੀ ਥਾਂ ਗੰਦੀਆਂ ਨਾਲੀਆਂ ਵਿੱਚੋਂ ਚਿੱਕੜ ਕੱਢਕੇ ਇੱਕ ਦੂਸਰੇ ਉੱਪਰ ਪਾਉਂਦੀਆਂ ਹੁੰਦੀਆਂ ਸਨ। ਕੋਈ ਬਾਲਟੀਆਂ ਨਾਲ, ਕੋਈ ਹੱਥੀਂ ਨਾਲੀ ਵਿੱਚੋਂ ਚਿੱਕੜ ਕੱਢਕੇ, ਇੱਕ ਦੂਸਰੇ ਉੱਪਰ ਪਾ ਕੇ ਆਪਣਾ ਮਨ ਪਰਚਾਵਾ ਕਰ ਲੈਂਦੀਆਂ ਸਨ। ਇਹੋ ਹੀ ਹੁੰਦੀ ਸੀ ਆਮ ਪਿੰਡਾਂ ਵਾਲਿਆਂ ਦੀ ਹੋਲੀ।
ਕਰਤਾਰਪੁਰ ਸੈਣੀ ਫ਼ਰਨੀਚਰ ਵਾਲਿਆਂ ਨਾਲ ਸਾਡੀ ਬੜੀ ਸਾਂਝ ਹੁੰਦੀ ਸੀ ਤੇ ਅੱਜ ਵੀ ਬਰਕਰਾਰ ਹੈ। ਵਿਆਹ ਸ਼ਾਦੀ ਮੌਕੇ ਸ਼ਹਿਰੋਂ ਕੋਈ ਖ਼ਰੀਦਦਾਰੀ ਕਰਨੀ ਤਾਂ ਅਸੀਂ ਉਹਨਾਂ ਨੂੰ ਨਾਲ ਲੈ ਕੇ ਕਰਨੀ। ਉਹਨਾਂ ਦਿਨਾਂ ਵਿੱਚ ਕਿਸੇ ਸ਼ਹਿਰੀਏ ਦੀ ਪੇਂਡੂ ਨਾਲ ਆਉਣੀ ਜਾਣੀ ਹੋਣੀ ਤਾਂ ਉਹਨਾਂ ਲਈ ਬੜੇ ਮਾਣ ਵਾਲੀ ਗੱਲ ਹੁੰਦੀ ਸੀ। ਕਿਉਂਕਿ ਪਿੰਡੋਂ ਗੰਨੇ, ਸਾਗ, ਮੱਕੀ ਦੀਆਂ ਛੱਲੀਆਂ, ਗੰਨੇ ਦੀ ਰਸ ਆਦਿ ਲੋਹੜੀ ਦਿਵਾਲੀ ਆਦਿ ਤਿਉਹਾਰਾਂ ਤੇ ਪਿੰਡੋਂ ਮੁਫਤ ਆ ਜਾਂਦੀਆਂ ਸਨ। ਸ਼ਹਿਰ ਵਾਲੇ ਅੱਗੇ ਆਪਣੇ ਸ਼ਰੀਕੇ ਭਾਈਚਾਰੇ ਵਿੱਚ ਵੰਡ ਦਿੰਦੇ ਸਨ ਤੇ ਮਾਣ ਨਾਲ ਦੱਸਦੇ ਸਨ ਕਿ ਸਾਨੂੰ ਪਿੰਡ ਵਾਲਿਆਂ ਨੇ ਭੇਜੀਆਂ ਹਨ ਤੇ ਸਾਡੀ ਉਹਨਾਂ ਨਾਲ ਬਹੁਤ ਆਉਣੀ ਜਾਣੀ ਹੈ। ਫ਼ਰਨੀਚਰ ਦੀ ਦੁਕਾਨ ਦਾ ਮਾਲਕ ਸੋਹਣ ਲਾਲ ਮੇਰੇ ਵੱਡੇ ਭਰਾ ਦਾ ਧਰਮ ਦਾ ਭਰਾ ਬਣਿਆ ਹੋਇਆ ਸੀ। ਉਹ ਦੁਕਾਨ ਵੀ ਕਰਦਾ ਤੇ ਬਿਜਲੀ ਮਹਿਕਮੇ ਵਿੱਚ ਨੌਕਰੀ ਵੀ ਕਰਦਾ ਸੀ। ਪਿੰਡ ਵਿੱਚ ਕਿਸੇ ਦੀ ਮੋਟਰ ਦਾ ਜਾਂ ਟਰਾਂਸਫਾਰਮਰ ਦਾ ਫ਼ਿਊਜ਼ ਉੱਡ ਜਾਣਾ ਜਾਂ ਬਿਜਲੀ ਵਿੱਚ ਕੋਈ ਖਰਾਬੀ ਆ ਜਾਣੀ ਤਾਂ ਫ਼ਿਰ ਪਿੰਡ ਵਾਲੇ ਸਾਡੀ ਫ਼ਰਮਾਇਸ਼ ਹੀ ਪੁਆਉਂਦੇ ਸਨ ਪਈ ਸਾਡਾ ਕੰਮ ਕਰਵਾ ਦਿਉ। ਇਸ ਕਰਕੇ ਸਾਡਾ ਵੀ ਪਿੰਡ ਟੌਹਰ ਸੀ ਕਿ ਸਾਡੀ ਬਿਜਲੀ ਮਹਿਕਮੇ ਵਿੱਚ ਚੱਲਦੀ ਹੈ। ਸੰਨ 1973 ਵਿੱਚ ਮੇਰਾ ਵੱਡਾ ਭਰਾ ਸੀਸੋ ਗ੍ਰੀਸ ਗਿਆ ਸੀ ਜੋ ਸੋਹਣ ਲਾਲ ਨੇ ਹੀ ਏਜੰਟ ਰਾਹੀਂ ਭੇਜਿਆ ਸੀ। ਸੋਹਣ ਲਾਲ ਪਹਿਲਾਂ ਗਰੀਸ ਵਿੱਚ ਦੋ ਸਾਲ ਲਾ ਆਇਆ ਸੀ ਤੇ ਅਸੀਂ ਇਸ ਨੂੰ ਹੀ ਆਪਣਾ ਹੀਰੋ ਮੰਨਦੇ ਸੀ।
ਸੋਹਣ ਲਾਲ ਦੇ ਵੱਡੇ ਮੁੰਡੇ ਦਾ ਨਾਂ ਵਿੱਪਨ ਸੀ, ਜਿਹਨੂੰ ਪਿਆਰ ਨਾਲ ਸਾਰੇ ਬੁੱਧੂ ਕਹਿਕੇ ਬੁਲਾਉਂਦੇ ਸਨ। ਉਹ ਐਪਰਿਲ ਫੂਲ ਵਾਲੇ ਦਿਨ ਸਾਡੇ ਘਰ ਆਇਆ ਤੇ ਮੇਰੀ ਬੀਬੀ,ਭਾਪੇ ਨੂੰ ਕਹਿਣ ਲੱਗਾ ਕਿ ਫ਼ਟਾਫ਼ਟ ਸਾਰੇ ਜਾਣੇ ਤਿਆਰ ਹੋ ਜਾਉ। ਆਪਣੇ ਸੀਸੋ ਦਾ ਸ਼ਿੱਪ ਬੰਬੇ ਆਇਆ, ਉਹਦੀ ਸਾਨੂੰ ਤਾਰ ਆਈ ਆ। ਸ਼ਿੱਪ ਨੇ ਹਫ਼ਤਾ ਬੰਬੇ ਠਹਿਰਨਾ ਹੈ ਤੇ ਆਪਾਂ ਸਾਰਿਆਂ ਨੇ ਮਿਲਕੇ ਆਉਣਾ। ਇਹ ਸੁਣਦਿਆਂ ਸਾਰ ਸਾਡੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹਨਾਂ ਦਿਨਾਂ ਵਿੱਚ ਪਿੰਡ ਦਾ ਕੋਈ ਕੋਈ ਬੰਦਾ ਪਰਦੇਸਾਂ ਵਿੱਚ ਹੁੰਦਾ ਸੀ ਤੇ ਉਹਦੀ ਬੜੀ ਕਦਰ ਤੇ ਆਉ ਭਗਤ ਹੁੰਦੀ ਸੀ। ਹੁਣ ਤਾਂ ਹਰ ਘਰ ਦੇ ਬੰਦੇ ਬਾਹਰ ਹਨ, ਬਾਹਰਲਿਆਂ ਦੀ ਕੌਡੀ ਜਿੰਨੀ ਕਦਰ ਨਹੀਂ। ਪਹਿਲਾਂ ਕੋਈ ਪਰਦੇਸੀ ਪਿੰਡ ਆਉਂਦਾ ਸੀ ਤਾਂ ਸਾਰੇ ਲੋਕੀਂ ਵਾਰੋ ਵਾਰੀ ਉਹਨੂੰ ਘਰ ਮਿਲਣ ਜਾਂਦੇ ਸਨ। ਜੇ ਉਹ ਘਰ ਘਰ ਮਿਲਣ ਜਾਂਦਾ ਸੀ ਤਾਂ ਲੋਕੀ ਹੱਥਾਂ ਤੇ ਚੁੱਕ ਲੈਂਦੇ ਸਨ। ਕੋਈ ਚਾਹ, ਕੋਈ ਦੁੱਧ, ਕੋਈ ਸ਼ਰਬਤ,ਕੋਈ ਰੋਟੀ ਪਾਣੀ, ਮਗਰ ਮਗਰ ਲਈ ਫਿਰਦਾ ਸੀ। ਲੋਕਾਂ ਨੂੰ ਇਉ ਹੁੰਦਾ ਸੀ ਕਿ ਜਿਵੇਂ ਰੱਬ ਸਾਡੇ ਘਰ ਆ ਗਿਆ ਹੈ।
ਸਾਡੇ ਘਰ ਵਿੱਚ ਸਾਰੇ ਇੱਕ ਦੂਜੇ ਤੋਂ ਮੂਹਰੇ ਤਿਆਰ ਹੋਈ ਫਿਰਨ, ਕੋਈ ਡੰਗਰ ਵੱਛਾ ਸਾਂਭਣ ਦੀ ਗੱਲ ਹੀ ਨਾ ਕਰੇ ਕਿ ਪਿੱਛੇ ਘਰ ਬਾਹਰ ਕਿਹਨੇ ਸੰਭਾਲਣਾ ? ਖੈਰ ਮੈਂ, ਬੀਬੀ ਭਾਪਾ, ਵੱਡਾ ਭਰਾ ਤੇ ਮੇਰਾ ਚਾਚਾ ਤਿਆਰ ਹੋ ਕੇ ਸ਼ਹਿਰ ਸੈਣੀਆਂ ਦੇ ਘਰ ਚਲੇ ਗਏ। ਸੈਣੀਆਂ ਦੇ ਸਾਰੇ ਟੱਬਰ ਨੂੰ ਚਾਅ ਚੜ੍ਹ ਗਿਆ। ਕਿਤੇ ਚਾਹ ਪਾਣੀ, ਮਠਿਆਈਆਂ, ਪਕੌੜੇ ਮਗਰ ਲਈ ਫਿਰਨ । ਮੈਂ ਖੁਸ਼ੀ ਵਿੱਚ ਸਾਈਕਲਾਂ ਨੂੰ ਕੱਪੜਾ ਮਾਰਦਾ ਫ਼ਿਰਾਂ। ਕੋਈ ਜਾਣਕਾਰੀ ਹੀ ਨਹੀਂ ਸੀ ਕਿ ਬੰਬੇ ਕਿੱਥੇ ਹੈ ਤੇ ਕਿਸ ਤਰ੍ਹਾਂ ਜਾਣਾ ਹੈ। ਵੈਸੇ ਵੱਡਾ ਭਰਾ ਕਹਿੰਦਾ ਰੇਲਗੱਡੀ ਤੇ ਜਾਣਾ ਪਊ। ਸ਼ਾਇਦ ਤਿੰਨ ਰਾਤਾਂ ਤਿੰਨ ਦਿਨ ਲੱਗਦੇ ਨੇ। ਜਦੋਂ ਮੇਰੀ ਬੀਬੀ ਤੇ ਭਾਪੇ ਨੇ ਸੋਹਣ ਲਾਲ ਤੇ ਉਹਦੀ ਘਰਵਾਲੀ ਨਾਲ ਬੰਬੇ ਜਾਣ ਦੀ ਗੱਲ ਕੀਤੀ ਤਾਂ ਉਹ ਝੱਟ ਸਮਝ ਗਏ ਕਿ ਬੁੱਧੂ ਨੇ ਐਪਰਿਲ ਫੂਲ ਬਣਾਇਆ। ਭਾਪਾ ਮੇਰਾ ਖਾਣ ਪੀਣ ਦਾ ਸ਼ੌਕੀਨ ਸੀ, ਉਹਨੇ ਤਾਂ ਠੇਕੇ ਤੋਂ ਸੰਤਰਾ ਮਾਰਕਾ ਮੰਗਵਾ ਕੇ ਖੁਸ਼ੀ ਵਿੱਚ ਅਧੀਆ ਚਾੜ੍ਹ ਵੀ ਲਿਆ ਸੀ। ਮੇਰੇ ਭਾਪੇ ਦੇ ਗੁੱਸੇ ਤੋਂ ਸਾਰੇ ਵਾਕਿਫ਼ ਸਨ ਕਿ ਜਦੋਂ ਉਹਨੂੰ ਪਤਾ ਲੱਗੂ ਕਿ ਸਾਨੂੰ ਮਖ਼ੌਲ ਕੀਤਾ ਹੈ ਤਾਂ ਉਹਨੇ ਤਾਂ ਸਾਡੀ ਜਾਨ ਵੱਢਕੇ ਖਾ ਜਾਣੀ ਆਂ। ਸੋਹਣ ਲਾਲ ਤੇ ਉਹਦੀ ਵਹੁਟੀ ਵੀ ਵਿਚਾਰੇ ਘਬਰਾਏ ਹੋਏ ਕਿ ਇਸ ਮੁੰਡੇ ਨੇ ਕੀ ਕੀਤਾ। ਸੋਹਣ ਲਾਲ ਨੂੰ ਗੁੱਸਾ ਚੜ੍ਹਿਆ ਉਹਨੇ ਬੁੱਧੂ ਨੂੰ ਆਵਾਜ਼ ਮਾਰੀ ਤੇ ਪੁੱਛਿਆ ਕਿ ਭਾਈਏ, ਬੀਬੀ ਨੂੰ ਮਜ਼ਾਕ ਤੂੰ ਕੀਤਾ ਹੈ? ਉਹ ਕਹਿੰਦਾ ਹਾਂ ਡੈਡੀ ਮੈਂ ਐਪਰਿਲ ਫੂਲ ਬਣਾਇਆ ਸੀ। ਸੋਹਣ ਲਾਲ ਨੇ ਬੁੱਧੂ ਨੂੰ ਕੁੱਟ ਕੁੱਟ ਕੇ ਲਾਲ ਕਰ ਦਿੱਤਾ। ਅਸੀਂ ਸਾਰਿਆਂ ਨੇ ਛੁਡਾਇਆ ਤੇ ਮੇਰੇ ਭਾਪੇ ਦਾ ਗੁੱਸਾ ਵੀ ਠੰਡਾ ਹੋ ਗਿਆ ਪਰ ਗੁੱਸੇ ਵਿੱਚ ਫ਼ਿਰ ਘੱਟ ਵੱਧ ਬੋਲੀ ਜਾਵੇ। ਕਹਿੰਦਾ ਇਹ ਕੀ ਹੁੰਦਾ ਪੜਾ ਪ੍ਰੈਲ ਫੂਲ। ਅਸੀਂ ਸਾਰੇ ਜਾਣੇ ਰੋਟੀ ਪਾਣੀ ਖਾ ਕੇ ਠੰਢੇ ਹੋ ਕੇ ਪਿੰਡ ਨੂੰ ਵਾਪਸ ਆ ਗਏ। ਸੈਣੀਆਂ ਦਾ ਸਾਰਾ ਟੱਬਰ ਭਾਪੇ ਕੋਲੋਂ ਮਾਫ਼ੀਆਂ ਮੰਗੀ ਜਾਵੇ। ਇਹ ਹੁੰਦਾ ਪਿੰਡ ਵਾਲਿਆਂ ਦਾ ਐਪਰਿਲ ਫੂਲ। ਅਜੇ ਤੱਕ ਵੀ ਜਦੋਂ ਪਹਿਲੀ ਅਪ੍ਰੈਲ ਆਉਂਦੀ ਹੈ ਤਾਂ ਮੈਂ ਬੁੱਧੂ ਨੂੰ ਯਾਦ ਕਰਾਉਂਦਾ ਹਾਂ। ਉਹ ਹੱਸ ਕੇ ਕਹਿੰਦਾ ਹੈ ਕਿ ਯਾਰ ਉਹ ਮਾਰ ਅਜੇ ਤੱਕ ਵੀ ਯਾਦ ਹੈ ਤੇ ਕਦੇ ਨਹੀਂ ਭੁੱਲਣੀ......
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)