ਇਲਾਕੇ ਦੇ ਪ੍ਰਸਿੱਧ ਲੇਖਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦੀ ਨਵੀਂ ਪ੍ਰਕਾਸ਼ਿਤ ਹੋਈ ਪੁਸਤਕ " ਚੰਨ ਦੀ ਕਲਾ " ਸ੍ਰ. ਗੁਰਿੰਦਰ ਸਿੰਘ ਕਲਸੀ ਸਾਬਕਾ ਜਿਲ੍ਹਾ ਭਾਸ਼ਾ ਖੋਜ ਅਫਸਰ ਰੂਪਨਗਰ ਜੀ ਵੱਲੋਂ ਅੱਜ ਆਪਣੇ ਕਰ - ਕਮਲਾਂ ਰਾਹੀਂ ਲੋਕ - ਅਰਪਣ ਕੀਤੀ ਗਈ। ਇਸ ਮੌਕੇ ਸ੍ਰ. ਗੁਰਿੰਦਰ ਸਿੰਘ ਕਲਸੀ ਜੀ ਅਤੇ ਸ੍ਰ. ਸਤਨਾਮ ਸਿੰਘ ਡੀ.ਐਮ. ਸਾਇੰਸ ਰੂਪਨਗਰ ਨੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੂੰ ਉਹਨਾਂ ਦੀ ਪ੍ਰਕਾਸ਼ਿਤ ਹੋਈ ਇਸ ਨਵੀਂ ਪੁਸਤਕ " ਚੰਨ ਦੀ ਕਲਾ " ਲਈ ਦਿਲੋਂ ਮੁਬਾਰਕਬਾਦ ਵੀ ਦਿੱਤੀ। ਦੱਸਣਯੋਗ ਹੈ ਕਿ ਪਿੰਡ ਸੱਧੇਵਾਲ ਦੇ ਜੰਮਪਲ ਸੰਘਰਸ਼ਸ਼ੀਲ , ਕਰਮਵਾਦੀ , ਮਿਹਨਤੀ ਅਤੇ ਕਈ ਸੰਸਥਾਵਾਂ ਨਾਲ਼ ਜੁੜੇ ਹੋਏ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਪਹਿਲਾਂ ਵੀ ਬਾਲ ਸਾਹਿਤ , ਬਾਲ ਕਵਿਤਾਵਾਂ , ਵਾਰਤਕ , ਸ਼ਾਇਰੀ ਦੀਆਂ ਪੁਸਤਕਾਂ ਅਤੇ ਰਚਨਾਵਾਂ ਲਿਖ ਚੁੱਕੇ ਹਨ। ਉਹਨਾਂ ਦੀਆਂ ਰਚਨਾਵਾਂ ਅਕਸਰ ਦੇਸ਼ਾਂ - ਵਿਦੇਸ਼ਾਂ ਦੀਆਂ ਅਖਬਾਰਾਂ ਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਉਹ ਤਨ ਮਨ ਧਨ ਦੇ ਨਾਲ ਪੰਜਾਬੀ ਮਾਂ - ਬੋਲੀ ਦੀ ਸੇਵਾ ਕਰ ਰਹੇ ਹਨ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਸਾਹਿਤ ਨਾਲ ਜੋੜਨ ਲਈ ਨਿਰੰਤਰ ਉਪਰਾਲੇ ਕਰਦੇ ਰਹਿੰਦੇ ਹਨ। ਇਹ ਵਿਸ਼ੇਸ਼ ਤੌਰ 'ਤੇ ਦੱਸਣਯੋਗ ਹੈ ਕਿ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਨਾਂ ਸਾਹਿਤ ਵਿੱਚ ਕੀਤੇ ਗਏ ਵਿਸ਼ੇਸ਼ ਕਾਰਜਾਂ ਦੇ ਲਈ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਵੀ ਦਰਜ ਹੋ ਚੁੱਕਾ ਹੈ।