ਵਿਸ਼ਵ ਵਾਤਾਵਰਨ ਦਿਵਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਗਏ ਪੌਦੇ
ਫਤਹਿਗੜ੍ਹ ਸਾਹਿਬ : ਅੱਜ ਪੂਰੀ ਦੁਨੀਆਂ ਵਿੱਚ ਹਵਾ ਪਾਣੀ ਖਾਦ ਖੁਰਾਕ ਬੜੀ ਤੇਜ਼ੀ ਨਾਲ ਦੂਸ਼ਿਤ ਹੋ ਰਹੇ ਹਨ। ਦੂਸ਼ਿਤ ਵਾਤਾਵਰਨ ਮਨੁੱਖੀ ਜੀਵਨ, ਪਸ਼ੂ ਪੰਛੀ ਅਤੇ ਬਨਸਪਤੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਇਸ ਲਈ ਸਾਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋ ਕੇ ਵੱਧ ਤੋ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਹਨਾਂ ਸਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਤੇ ਵਿਕਾਸ ਸ: ਸੁਰਿੰਦਰ ਸਿੰਘ ਧਾਲੀਵਾਲ ਨੇ ਵਿਸ਼ਵ ਵਾਤਾਵਰਨ ਮੌਕੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਮੌਕੇ ਕੀਤਾ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਿੰਡਾਂ ਵਿੱਚ ਸਾਂਝੇ ਤਲਾਬ ਬਣਾਏ ਜਾ ਰਹੇ ਹਨ ਅਤੇ ਪਾਲਟੇਸ਼ਨ ਕਰਵਾਈ ਜਾ ਰਹੀ ਹੈ ਜਿਸ ਨਾਲ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਵੱਧ ਤੋਂ ਵੱਧ ਦਰਖ਼ਤ ਲਗਾਓ ਅਤੇ ਮੀਂਹ ਦਾ ਪਾਣੀ ਬਚਾਓ। ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਰੁੱਖਾਂ ਨੂੰ ਅੰਨੇ ਵਾਹ ਨਾਂ ਕੱਟਿਆ ਜਾਵੇ ਅਤੇ ਪਿੰਡਾਂ ਵਿੱਚ ਪਈ ਸਾਂਝੀ ਜ਼ਮੀਨ ਵਿੱਚ ਵੱਧ ਤੋਂ ਵੱਧ ਫੁੱਲ ਬੂਟੇ ਅਤੇ ਰੁੱਖ ਲਗਾਉਣ ਦਾ ਉਪਰਾਲਾ ਕੀਤਾ ਜਾਵੇ ਜਿਸ ਨਾਲ ਮੌਜੂਦਾ ਸਮੇਂ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਨੂੰ ਘਟਾਇਅ ਜਾ ਸਕੇ। ਉਹਨਾਂ ਕਿਹਾ ਕਿ ਅੱਜ ਦੀ ਪੀੜ੍ਹੀ ਵੱਲੋਂ ਲਗਾਏ ਗਏ ਰੁੱਖ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਸਾਬਿਤ ਹੋਣਗੇ।