ਰੁੱਖ ਲਗਾਉਣ ਤੋਂ ਪਹਿਲਾ ਧਰਤੀ ਅਤੇ ਵਾਤਾਵਰਣ ਦੀ ਭੌਤਿਕ, ਭਗੋਲਿਕ ਸਥਿਤੀ ਮੁੱਖ ਰੱਖਕੇ ਰੁੱਖ ਦਾ ਚੋਣ ਕਰਨ ਵਾਤਾਵਰਣ ਪ੍ਰੇਮੀ
ਲੋਕ ਲਹਿਰ ਪੈਦਾ ਕਰਕੇ ਵਾਤਾਵਰਣ ਨੂੰ ਸੰਭਾਲਣ ਲਈ ਹੰਭਲਾ ਮਾਰਦੇ ਹੋਏ ਰੁੱਖ ਲਗਾਉਣੇ ਸਮੇ ਦੀ ਲੋੜ-
ਮਾਲੇਰਕੋਟਲਾ : ਪੁਰਾਣੇ ਸਮਿਆਂ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਡੇ-ਵੱਡੇ ਪਿੱਪਲ-ਬੋਹੜ ਦੇ ਦਰੱਖਤ ਦੇਖੇ ਜਾਂਦੇ ਸਨ ਜੋ ਆਪਣੀਆਂ ਲੰਬੀਆਂ ਸੰਘਣੀਆਂ ਟਾਹਣੀਆਂ ਨਾਲ ਬਜ਼ੁਰਗਾਂ ਵਾਂਗ ਹਰ ਕਿਸੇ ਨੂੰ ਛਾਂ ਅਤੇ ਸੁਰੱਖਿਆ ਪ੍ਰਦਾਨ ਕਰਦੇ ਸਨ। ਪਰ ਮੌਜੂਦਾ ਸਮੇਂ ਵਿੱਚ ਰੁੱਖਾਂ ਦੀ ਅਣਹੋਂਦ ਕਾਰਨ ਨਾ ਤਾਂ ਤੀਆਂ ਦਾ ਤਿਉਹਾਰ, ਨਾ ਨੱਚਦੇ ਮੋਰ, ਨਾ ਚਹਿਕਦੀਆਂ ਕੋਇਲਾਂ, ਨਾ ਹੀ ਚੌਪਾਲ ਦੀ ਚੁਗਲੀ ਦੇਖਣ ਨੂੰ ਮਿਲਦੀ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਰਫ਼ ਕਿਤਾਬੀ ਯਾਦਾਂ ਹੀ ਰਹਿ ਜਾਣਗੀਆਂ। ਇਸ ਲਈ ਕੁਦਰਤ ਦੇ ਅਨਮੋਲ ਖਜ਼ਾਨੇ ਦੀ ਸੰਭਾਲ ਕਰਨ ਦੇ ਨਾਲ-ਨਾਲ ਸਾਨੂੰ ਬੂਟੇ ਲਗਾ ਕੇ ਇਸ ਨੂੰ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ । ਹਰ ਮਨੁੱਖ ਨੂੰ ਇੱਕ ਰੁੱਖ ਆਪਣੇ ਬਜ਼ੁਰਗਾਂ ਦੇ ਨਾਮ 'ਤੇ ਸਮਰਪਿਤ ਕਰਕੇ ਧਰਤੀ ਮਾਤਾ ਦਾ ਕਰਜ਼ਾ ਚੁਕਾਉਣ ਲਈ ਵਚਨਬੱਧ ਹੋਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਾਤਾਵਰਣ ਪ੍ਰੇਮੀ ਅਸ਼ੋਕ ਸਿੰਗਲਾ (ਐਮ.ਡੀ. ਵਿਸ਼ਵ ਸ਼ਕਤੀ ਪਾਈਪ) ਨੇ ਐਮ.ਐਲ.ਏ ਲਾਂਜ ਵਿੱਚ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਨੂੰ ਵੱਖ-ਵੱਖ ਆਕਰਸ਼ਕ ਪੌਦਿਆਂ ਨਾਲ ਸਜਾਉਣ ਮੌਕੇ ਕੀਤੇ । ਉਨ੍ਹਾਂ ਕਿਹਾ ਕਿ ਸਮਾਜ ਨੂੰ ਹਰਿਆ ਭਰਿਆ ਅਤੇ ਸਾਫ ਸੁਥਰਾ ਬਣਾਉਣ ਲਈ ਸਾਨੂੰ “ਸਵੱਛ ਵਾਤਾਵਰਣ-ਸਾਡਾ ਪਹਿਲਾ ਫਰਜ਼” ਮੁਹਿੰਮ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਤੋਂ ਮੁਕਤ ਹੋ ਕੇ ਆਤਮ ਨਿਰਭਰ ਬਣਨਾ ਅਤੇ ਵਾਤਾਵਰਨ ਦੀ ਸੰਭਾਲ ਦੇ ਪ੍ਰੋਜੈਕਟ ਵਿੱਚ ਸਹਿਯੋਗ ਕਰਕੇ ਆਪਣਾ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ।
ਏ.ਪੀ.ਆਰ.ਓ ਦੀਪਕ ਕਪੂਰ ਨੇ ਕਿਹਾ ਕਿ ਧਰਤੀ ਦਾ ਵੱਧ ਰਿਹਾ ਤਾਪਮਾਨ , ਧਰਤੀ ਹੇਠਲਾ ਪਾਣੀ ਦਾ ਡਿੱਗਦਾ ਪੱਧਰ , ਪੰਛੀਆਂ,ਜੀਵ ਜੰਤੂਆਂ ਦੀਆਂ ਘਟਦੀਆਂ ਜਾਤੀਆਂ-ਪ੍ਰਜਾਤੀਆਂ ਸਭ ਵੱਡੀਆਂ ਚਿੰਤਾਵਾਂ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਲੋਕ ਲਹਿਰ ਪੈਦਾ ਕਰਕੇ ਵਾਤਾਵਰਣ ਨੂੰ ਸੰਭਲਾਣ ਲਈ ਹੰਭਲਾ ਮਾਰਦੇ ਹੋਏ ਰੁੱਖ ਲਗਾਉਣੇ ਸਮੇ ਦੀ ਲੋੜ ਹੈ । ਰੁੱਖ ਲਗਾਉਣ ਤੋਂ ਪਹਿਲਾ ਧਰਤੀ ਅਤੇ ਵਾਤਾਵਰਣ ਦੀ ਭੌਤਿਕ, ਭਗੋਲਿਕ ਸਥਿਤੀ ਮੁੱਖ ਰੱਖਕੇ ਰੁੱਖ ਦਾ ਚੋਣ ਕਰਨੀ ਚਾਹੀਦੀ ਹੈ । ਉਨ੍ਹਾਂ ਹੋਰ ਕਿਹਾ ਕਿ ਇਹ ਰੁੱਖ ਹੀ ਵਾਤਾਵਰਣ ਵਿੱਚ ਸੰਤੁਲਣ ਪੈਦਾ ਕਰਕੇ ਮੀਂਹ, ਧੁੱਪ , ਛਾਂ ਦਾ ਸਰੋਤ ਬਣਦੇ ਹਨ ਅਤੇ ਸ਼ੁੱਧ ਹਵਾ ਪ੍ਰਦਾਨ ਕਰਕੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ ਇਸ ਲਈ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣਾ ਫਰਜ਼ ਨਿਭਾਉਣ ਲਈ ਘੱਟ ਤੋਂ ਘੱਟ ਇੱਕ ਰੁੱਖ ਸਾਨੂੰ ਜਰੂਰ ਲਗਾਉਣਾ ਅਤੇ ਪਾਲਣਾ ਚਾਹੀਦਾ ਹੈ ।
ਇਸ ਮੌਕੇ ਸੇਵਾ ਟਰੱਸਟ ਯੂ.ਕੇ (ਇੰਡੀਆ) ਦੇ ਜ਼ੋਨ ਮੁਖੀ ਡਾ ਵਰਿੰਦਰ ਜੈਨ, ਕਪਿਲ ਸਿੰਗਲਾ,ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਜਤਿਨ ਕੁਮਾਰ, ਸੰਦੀਪ ਕੁਮਾਰ,ਰਮਨ ਕੁਮਾਰ ਆਦਿ ਨੇ ਕਿਹਾ ਕਿ ਪੰਜਾਬ ਅਤੇ ਹਰਿਆਲੀ ਦਾ ਆਪਸ ਵਿਚ ਡੂੰਘਾ ਸਬੰਧ ਹੈ ਅਤੇ ਪੰਜਾਬ ਦਾ ਹਰਿਆਲੀ, ਉਪਜਾਊ ਜ਼ਮੀਨ, ਸਾਫ਼-ਸੁਥਰਾ ਭੋਜਨ, ਆਪਸੀ ਪਿਆਰ ਪੂਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਪਰ ਮਨੁੱਖੀ ਗਲਤੀਆਂ ਕਾਰਨ ਵਾਤਾਵਰਣ ਪ੍ਰਭਾਵਿਤ ਹੋ ਰਿਹਾ ਹੈ ਅਤੇ ਹਵਾ ਵਿੱਚ ਆਕਸੀਜਨ ਦੀ ਕਮੀ ਹੋ ਰਹੀ ਹੈ। ਭਾਵੇਂ ਹਰ ਵਿਅਕਤੀ ਸਰਕਾਰਾਂ ਨੂੰ ਦੋਸ਼ੀ ਠਹਿਰਾਉਂਦਾ ਹੈ ਪਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿਚ ਸਾਡੀ ਸਾਰਿਆਂ ਦੀ ਬਰਾਬਰ ਭੂਮਿਕਾ ਹੈ, ਜਦਕਿ ਇਹੀ ਹੱਥ ਵੱਧ ਤੋਂ ਵੱਧ ਰੁੱਖ ਲਗਾ ਕੇ ਵੀ ਜੀਵਨ ਬਚਾਉਣ ਵਾਲੇ ਬਣ ਸਕਦੇ ਹਨ।