ਸੰਦੌੜ : ਅੱਜ ਜਦੋਂ ਸਭ ਗਰਮੀ ਦੀਆਂ ਛੁੱਟੀਆਂ ਤੇ ਅੱਤ ਗਰਮੀ ਸਿਰਫ ਮੌਜ ਮਸਤੀ ਤੇ ਮਨੋਰੰਜਨ ਦਾ ਅਧਾਰ ਬਣ ਚੁੱਕੀਆਂ ਹਨ ,ਉਸ ਵੇਲੇ ਸਰਕਾਰੀ ਸਕੂਲ ਦੇ ਅਧਿਆਪਕਾਂ ਨੇ ਲੇਹ ਤੱਕ ਸਾਇਕਲ 'ਤੇ ਯਾਤਰਾ ਕਰਕੇ ਮਿਸਾਲ ਪੈਦਾ ਕੀਤੀ ਹੈ।.ਪੰਜਾਬ ਦੇ ਜਿਲਾ ਮਲੇਰਕੋਟਲਾ ਦੇ ਤਿੰਨ ਅਧਿਆਪਕਾਂ ਜਿਸ ਵਿੱਚ ਲੈਕਚਰਾਰ ਹਿਸਟਰੀ ਇਕਬਾਲ ਸਿੰਘ,ਜਸਵੀਰ ਸਿੰਘ ਆਰਟ ਐਂਡ ਕਰਾਫ਼ਟ ਅਧਿਆਪਕ ਦੋਵੇਂ ਸਕੂਲ ਆਫ਼ ਐਮੀਨੈਂਸ ਸੰਦੌੜ ਅਤੇ ਕੁਲਦੀਪ ਸਿੰਘ ਈ.ਟੀ.ਟੀ ਅਧਿਆਪਕ ਸ਼ੇਰਗੜ ਚੀਮਾਂ ਨੇ ਸੋਨਮਾਰਗ ਤੋਂ ਲੈ ਕੇ ਲੇਹ ਤੱਕ ਦਾ ਸਫ਼ਰ ਸਾਈਕਲਾਂ ਤੇ ਕਰਕੇ ਨਵਾਂ ਇਤਿਹਾਸ ਰਚ ਦਿੱਤਾ। ਇਹਨਾਂ ਨੇ ਇਹ ਸਫ਼ਰ ਲਗਪਗ 350 ਕਿਲੋਮੀਟਰ ਛੇ ਦਿਨਾਂ ਵਿੱਚ ਪੂਰਾ ਕੀਤਾ ਜਿਸ ਦੌਰਾਨ ਇਹਨਾਂ ਨੇ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਨੂੰ ਸਰ ਕੀਤਾ।
ਇਸ ਸਮੇਂ ਦੌਰਾਨ ਇਹਨਾਂ ਨੇ ਜੋਜੀਲਾ ਪਾਸ(11575 ਫੁੱਟ), ਨਮਕੀਲਾ ਪਾਸ (12139 ਫੁੱਟ) ਅਤੇ ਫੁਟੀਲਾ ਪਾਸ (13478 ਫੁੱਟ) ਨੂੰ ਸਰ ਕਰਦੇ ਹੋਏ ਲੇਹ ਪਹੁੰਚੇ। ਇਹਨਾਂ ਅਧਿਆਪਕ ਨੇ ਸਫ਼ਰ ਦੌਰਾਨ ਸੋਨਮਾਰਗ ਤੋਂ ਦਰਾਸ, ਕਾਰਗਿਲ, ਖੰਗਰਾਲ, ਲਿਮਆਰੂ,ਖ਼ਲਸੀ ਅਤੇ ਨਿੰਮੂ ਪਿੰਡਾਂ ਦੀ ਸੰਸਕ੍ਰਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦਰਾਸ ਤੋਂ ਛੇ ਕਿਲੋਮੀਟਰ ਤੇ ਕਾਰਗਿਲ ਵਾਰ ਮੈਮੋਰੀਅਲ ਸੰਬੰਧੀ ਸਮਾਰਿਕ ਦੇਖੀ ਜਿਸ ਵਿੱਚ ਭਾਰਤੀ ਸੈਨਾ ਦੇ 1999 ਵਿੱਚ ਕਾਰਗਿਲ ਦੇ ਯੁੱਧ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਮਿਲਦੀ ਹੈ। ਦੋ ਦਰਿਆਵਾਂ ਦੇ ਮੇਲ ਸੰਗਮ, ਮੈਗਨੈਗਟਿਕ ਹਿੱਲ ਅਤੇ ਸ੍ਰੀ ਗੁਰੂ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੱਥਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਵੀ ਕੀਤੇ। ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਸੇਵਾ ਭਾਰਤੀ ਸੈਨਾ ਬੜੇ ਹੀ ਸ਼ਰਧਾ ਨਾਲ ਕਰਦੀ ਹੈ। ਇਨ੍ਹਾਂ ਅਧਿਆਪਕਾਂ ਨੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਸ ਯਾਤਰਾ ਨੂੰ ਸੁਖ਼ਦ,ਸਿਹਤ ਸੰਭਾਲ, ਕੁਦਰਤ ਦੇ ਬੇਮਿਸਾਲ ਬਣਤਰ ਤੇ ਕੁਦਰਤੀ ਨਜ਼ਾਰਿਆਂ ਨੂੰ ਮਾਣਦਿਆਂ ਹੋਇਆਂ ਵਿਦਿਆਰਥੀਆਂ ਲਈ ਚੇਤਨਾ ਦਾ ਚਾਨਣ ਦੱਸਿਆ।