ਪਟਿਆਲਾ : ਨਗਰ ਨਿਗਮ ਪਟਿਆਲਾ ਵੱਲੋਂ ਕੂੜੇ ਨੂੰ ਸਰੋਤ ਵਾਲੇ ਸਥਾਨਾਂ ਤੋਂ ਹੀ ਗਿੱਲੇ ਤੇ ਸੁੱਕੇ ਕੂੜੇ ਦੇ ਤੌਰ ’ਤੇ ਵੱਖ ਵੱਖ ਕਰਨ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ’ਨਿਊ ਲਾਲ ਬਾਗ ਵਿਖੇ ਨਿਊ ਲਾਲ ਬਾਗ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਨੁੱਕੜ ਨਾਟਕ ਕਰਵਾਇਆ ਗਿਆ। ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਕਰਵਾਏ ਨੁੱਕੜ ਨਾਟਕ ਰਾਹੀਂ ਸੁਨੇਹਾ ਦਿੱਤਾ ਗਿਆ ਕਿ ਜੇਕਰ ਆਪਣੀ ਕਲੋਨੀ, ਸ਼ਹਿਰ ਅਤੇ ਦੇਸ਼ ਨੂੰ ਗੰਦਗੀ ਮੁਕਤ ਕਰਨਾ ਹੈ ਤਾਂ ਇਸ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਪਵੇਗੀ। ਨਿਊ ਲਾਲ ਬਾਗ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਨੇ ਦੱਸਿਆ ਕਿ "ਰੰਗਮੰਚ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਲਈ ਇੱਕ ਉੱਤਮ ਜਰੀਆਂ ਹੈ ਅਤੇ ਇਸ ਰਾਹੀਂ ਦਿੱਤਾ ਗਿਆ ਸੁਨੇਹਾ ਬੇਹੱਦ ਕਾਰਗਰ ਹੁੰਦਾ ਹੈ"। ਉਨ੍ਹਾਂ ਇੱਥੇ ਪਹੁੰਚੀ ਸਮੁੱਚੀ ਨਗਰ ਨਿਗਮ ਪਟਿਆਲਾ ਦੀ ਟੀਮ ਅਤੇ ਰੰਗਮੰਚ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਰਾਜੇਸ਼ ਮੱਟੂ, ਸੈਨੇਟਰੀ ਇੰਸਪੈਕਟਰ ਨਗਰ ਨਿਗਮ ਪਟਿਆਲਾ ਵੱਲੋਂ ਦੱਸਿਆ ਗਿਆ ਕਿ ਜਿੱਥੇ ਪਟਿਆਲਾ ਸ਼ਹਿਰ ਵਿੱਚ ਕੂੜੇ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ, ਉੱਥੇ ਹੀ ਇਸ ਨੂੰ ਲਾਜ਼ਮੀ ਬਣਾਉਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਸਾਡੀ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਹੈ।
ਸ੍ਰੀ ਅਮਨਦੀਪ ਸੇਖੋਂ ਵੱਲੋਂ ਦੱਸਿਆ ਗਿਆ ਕਿ ਇਹ ਇੱਕ ਕੁਦਰਤੀ ਪ੍ਰੋਸੈੱਸ ਹੈ ਅਤੇ ਜੇਕਰ ਸਾਰੇ ਘਰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਦੇਣ ਤਾਂ ਗਿੱਲੇ ਕੂੜੇ ਤੋਂ ਬਹੁਤ ਉੱਤਮ ਖਾਦ ਬਣੇਗੀ ਅਤੇ ਸੁੱਕੇ ਕੂੜੇ ਨੂੰ ਰੀਸਾਈਕਲ ਕਰਕੇ ਨਵੇਂ ਉਤਪਾਦ ਬਣਨਗੇ। ਸ੍ਰੀ ਸਨੀ ਸਿੱਧੂ ਅਤੇ ਸਮੁੱਚੀ ਨੁੱਕੜ ਨਾਟਕ ਦੀ ਟੀਮ ਵੱਲੋਂ ਲੋਕਾਂ ਨੂੰ ਹਰੇ ਡਸਟਬਿਨ ਵਿੱਚ ਗਿੱਲਾ ਕੂੜਾ ਅਤੇ ਨੀਲੇ ਡਸਟਬਿਨ ਵਿੱਚ ਸੁੱਕਾ ਕੂੜੇ ਪਾ ਕੇ ਸਮਝਾਇਆ ਗਿਆ। ਸ੍ਰੀ ਜਵਾਲਾ ਸਿੰਘ ਵੱਲੋਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਸ ਤੋਂ ਇਲਾਵਾ ਆਪਣੇ ਘਰ ਦਾ ਸੈਨੇਟਰੀ ਅਤੇ ਮੈਡੀਕਲ ਵੇਸਟ ਜੋ ਕਿ ਹਾਨੀਕਾਰਕ ਹੁੰਦਾ ਹੈ ਉਸ ਨੂੰ ਘਰ ਤੋਂ ਕੂੜਾ ਕੂਲੈਕਟ ਕਰਨ ਵਾਲੇ ਨੂੰ ਵੱਖਰੇ ਤੌਰ ਤੇ ਦਿੱਤਾ ਜਾਵੇ ਤਾਂ ਜੋ ਬਿਮਾਰੀ ਫੈਲਣ ਦਾ ਖ਼ਤਰਾ ਨਾ ਹੋਵੇ। ਇਸ ਮੌਕੇ ਨਗਰ ਨਿਗਮ ਵੱਲੋਂ "ਸਫ਼ਾਈ ਅਪਣਾਓ, ਬਿਮਾਰੀ ਭਜਾਓ" ਦਾ ਨਾਅਰਾ ਵੀ ਦਿੱਤਾ ਗਿਆ।