ਵਿਧਾਇਕ ਮਾਲੇਰਕੋਟਲਾ ਨੇ ਪੌਦੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼
ਮਾਲੇਰਕੋਟਲਾ : ਇਤਿਹਾਸਿਕ ਸ਼ਹਿਰ ਮਾਲੇਰਕੋਟਲਾ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਅੱਜ "ਦੀ ਆਜ਼ਾਦ ਫਾਊਂਡੇਸ਼ਨ ਮਾਲੇਰਕੋਟਲਾ" ਵੱਲੋਂ ਪ੍ਰਧਾਨ ਜ਼ਹੂਰ ਅਹਿਮਦ ਚੌਹਾਨ ਦੀ ਅਗਵਾਈ ਤੇ ਉੱਘੇ ਵਾਤਾਵਰਣ ਪ੍ਰੇਮੀ ਸ਼ੋਕਤ ਅਲੀ (ਸ਼ੋਕੀ) ਦੇ ਸਹਿਯੋਗ ਨਾਲ ਢਾਬੀ ਗੇਟ ਲੋਹਾ ਬਾਜ਼ਾਰ ਤੋਂ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਪੌਦਾ ਲਗਾ ਕੇ ਕੀਤਾ ਗਿਆ।ਪੌਦੇ ਲਗਾਉਣ ਦੀ ਸ਼ੁਰੂਆਤ ਉਪਰੰਤ ਗੱਲਬਾਤ ਕਰਦਿਆਂ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੇ ਸਾਹਮਣੇ ਵਾਤਾਵਰਣ ਬਹੁਤ ਵੱਡੀ ਚੁਣੋਤੀ ਬਣਿਆ ਹੋਇਆ ਹੈ ਜਿਸ ਲਈ ਦੇਸ਼ ਦੇ ਵਿਗਿਆਨੀ ਅਤੇ ਬੁੱਧੀਜੀਵੀ ਬੇਹੱਦ ਚਿੰਤਤ ਹਨ ਪਰ ਇਸ ਚੁਣੌਤੀ ਨਾਲ ਨਜਿੱਠਣ ਲਈ ਸਿਰਫ਼ ਸਰਕਾਰਾਂ ਹੀ ਨਹੀਂ ਬਲਕਿ ਆਮ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਵਿਧਾਇਕ ਰਹਿਮਾਨ ਨੇ ਕਿਹਾ ਕਿ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਦੇਸ਼ ਅਤੇ ਸੂਬੇ ਦੀਆਂ ਸਮਰਪਿਤ ਸੰਸਥਾਵਾਂ ਅੱਗੇ ਆ ਰਹੀਆਂ ਹਨ ਜੋ ਕਿ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ "ਦੀ ਆਜ਼ਾਦ ਫਾਊਂਡੇਸ਼ਨ ਮਾਲੇਰਕੋਟਲਾ" ਨੇ ਵੀ ਅੱਜ ਪੌਦੇ ਲਗਾਉਣ ਮੁਹਿੰਮ ਸ਼ੁਰੂ ਕੀਤੀ ਹੈ ਜੋ ਕਿ ਬਾਕੀ ਸੰਸਥਾਵਾਂ ਨੂੰ ਵੀ ਇਸ ਖੇਤਰ ਵਿਚ ਕੰਮ ਕਰਨ ਦੀ ਪ੍ਰੇਰਨਾ ਦੇਵੇਗੀ। ਉਨ੍ਹਾਂ ਮਾਲੇਰਕੋਟਲਾ ਵਾਸੀਆਂ ਨੂੰ ਬਰਸਾਤ ਦੇ ਮੌਸਮ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਤਾਂ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ।ਸੰਸਥਾ ਦੇ ਪ੍ਰਧਾਨ ਜ਼ਹੂਰ ਅਹਿਮਦ ਚੌਹਾਨ ਨੇ ਕਿਹਾ ਕਿ ਦਿਨ ਬ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਸਮਾਂ ਰਹਿੰਦਿਆਂ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਨਾ ਬਚਾਇਆ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੂਸ਼ਿਤ ਜ਼ਹਿਰੀਲੇ ਵਾਤਾਵਰਨ 'ਚ ਰਹਿਣ ਲਈ ਮਜ਼ਬੂਰ ਹੋਣਗੀਆਂ ਜਿਸ ਦੇ ਜ਼ਿੰਮੇਵਾਰ ਅਸੀਂ ਖ਼ੁਦ ਹੋਵਾਂਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਰੁੱਖਾਂ ਤੋਂ ਅਸੀਂ ਛਾਂ ਦਾ ਆਨੰਦ ਮਾਣ ਰਹੇ ਹਾਂ ਉਹ ਰੁੱਖ ਸਾਡੇ ਬਜ਼ੁਰਗਾਂ ਦੀ ਦੇਣ ਹਨ ਸਾਨੂੰ ਵੀ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਠੰਢੀ ਛਾਂ ਦੇਣ ਅਤੇ ਆਕਸੀਜ਼ਨ ਮੁਹੱਈਆ ਕਰਵਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਪੌਦੇ ਲਗਾਉਣੇ ਤੇ ਪਾਲਣੇ ਚਾਹੀਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਵਾਤਾਵਰਣ ਪ੍ਰੇਮੀ ਸ਼੍ਰੀ ਸ਼ੋਕਤ ਅਲੀ (ਸ਼ੋਕੀ), ਮੈਡਮ ਫਰਿਆਲ ਰਹਿਮਾਨ, ਜਿਲ੍ਹਾ ਇੰਚਾਰਜ਼ ਜਾਫਰ ਅਲੀ, ਪੀ.ਏ ਗੁਰਮੁੱਖ ਸਿੰਘ ਖਾਨਪੁਰ, ਚੋਧਰੀ ਸ਼ਮਸ਼ੂਦੀਨ, ਕੌਂਸਲਰ ਮੁਹੰਮਦ ਨਜ਼ੀਰ, ਅਖਤਰ ਜੋਸ਼, ਨੂਰ ਮੁਹੰਮਦ, ਨਾਸਰ ਆਜ਼ਾਦ, ਰਣਦੀਪ ਸਿੰਘ, ਸ਼ਮਸ਼ਾਦ ਅਲੀ, ਉਮਰ ਫਾਰੂਕ ਆਦਿ ਹਾਜ਼ਰ ਸਨ