ਸਹਿਯੋਗ ਲਈ ਕੰਪਨੀਆਂ ਦਾ ਕੀਤਾ ਧੰਨਵਾਦ
ਪੀ.ਜੀ.ਆਈ. ਹਸਪਾਲ ਦੇ ਡਾਕਟਰਾਂ ਦੀ ਟੀਮ ਵੱਲੋ ਕੁੱਲ 137 ਬਲੱਡ ਯੂਨਿਟ ਕੀਤੇ ਗਏ ਇੱਕਤਰ
ਮੋਹਾਲੀ : ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵਲੋ ਜੁਆਏ ਆਫ ਗੀਵਿੰਗ, ਡਿਜਾਇਨਿੰਗ ਸ਼ਲਿਊਸ਼ਨਜ਼, ਆਈਕੂਰੀਅਸ, ਨਿਊਜ਼ਵਾਇਰ, ਪਾਰਕ ਵਿਊ ਅਤੇ ਅਡਰਾਇਡ ਟੀਮ ਦੇ ਸਹਿਯੋਗ ਨਾਲ ਬੈਸਟੈਕ ਬਿਜ਼ਨਸ ਟਾਵਰ, ਸੈਕਟਰ-66 ਐਸ.ਏ.ਐਸ. ਨਗਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋ ਕੀਤਾ ਗਿਆ। ਕੈਂਪ ਦੌਰਾਨ ਪੀ.ਜੀ.ਆਈ. ਹਸਪਤਾਲ ਦੀ ਡਾਕਟਰਾਂ ਦੀ ਟੀਮ ਵਲੋ 137 ਯੂਨਿਟ ਇੱਕਤਰ ਕੀਤੇ ਗਏ ਅਤੇ 203 ਖੂਨਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦਾ ਮੰਤਵ ਲੋਕਾਂ ਨੂੰ ਖ਼ੂਨਦਾਨ ਜਿਹੇ ਮਹਾਨ ਦਾਨ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕਰਦਿਆਂ ਨਸ਼ਿਆਂ ਤੋਂ ਦੂਰ ਰਹਿ ਕੇ ਅਜਿਹੇ ਪਰਉਪਕਾਰੀ ਕਾਰਜਾਂ ਲਈ ਪ੍ਰੇਰਿਆਂ।
ਕੈਂਪ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਖੂਨਦਾਨ ਕਰਨ ਵਾਲੇ ਦਾਨੀਆਂ ਦਾ ਹੌਂਸਲਾ ਵਧਾਉਣ ਲਈ ਉਨ੍ਹਾਂ ਨੂੰ ਬੈਜ ਲਗਾਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਰੈਡ ਕਰਾਸ ਸ਼ਾਖਾ ਵੱਲੋਂ ਜੁਆਏ ਆਫ ਗੀਵਿੰਗ, ਡਿਜਾਇਨਿੰਗ ਸ਼ਲਿਊਸ਼ਨਜ਼, ਆਈਕੂਰੀਅਸ, ਨਿਊਜ਼ਵਾਇਰ, ਪਾਰਕ ਵਿਊ ਅਤੇ ਅਡਰਾਇਡ ਟੀਮ ਵੱਲੋਂ ਸਾਂਝੇ ਤੌਰ ਤੇ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੇ ਸਕੱਤਰ ਹਰਬੰਸ ਸਿੰਘ ਨੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਜਿਵੇਂ ਕਿ ਫਸਟ ਏਡ ਟ੍ਰੇਨਿੰਗ, ਪੇਸੈਂਟ ਕੇਅਰ ਅਟੈਡੈਂਟ ਸਰਵਿਸ, ਜਨ ਔਸ਼ਧੀ ਸਟੋਰਾਂ ਆਦਿ ਦੀ ਸਹੂਲਤ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ। ਖੂਨਦਾਨ ਕਰਕੇ ਕੋਈ ਕਮਜ਼ੋਰੀ ਨਹੀ ਆਉਂਦੀ, ਬਲ ਕਿ ਹਰ ਕਿਸੇ ਨੂੰ 90 ਦਿਨਾਂ ਤੋਂ ਬਾਅਦ ਇੱਕ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਇਹ ਦਾਨ ਲੋੜਵੰਦਾਂ ਦੀ ਮੱਦਦ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਰੱਖਦਾ ਹੈ।
ਖੂਨਦਾਨ ਕਰਨ ਵਰਗਾ ਇੱਕ ਨੇਕ ਕੰਮ ਮਹਾਨ ਸੇਵਾ ਵਿੱਚ ਆਉਦਾ ਹੈ, ਖੂਨਦਾਨ ਇੱਕ ਮਹਾਂਦਾਨ ਹੈ, ਜਿਸ ਨਾਲ ਬਹੁਤ ਕੀਮਤੀ ਜਾਨਾਂ ਬਚਾਉਣੀਆਂ ਸੰਭਵ ਹੋ ਜਾਂਦੀਆ ਹਨ। ਖੂਨਦਾਨ ਸਭ ਤੋ ਉਤਮ ਦਾਨ ਹੈ। ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ, ਕਿਉਂਕਿ ਖੂਨ ਕਿਸੇ ਦਵਾਈ ਆਦਿ ਤੋਂ ਤਿਆਰ ਨਹੀ ਕੀਤਾ ਜਾ ਸਕਦਾ ਸਗੋਂ ਇਸ ਨੂੰ ਇਨਸਾਨ ਤੋਂ ਹੀ ਉਸਦੀ ਇੱਛਾ ਅਨੁਸਾਰ ਲਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਸੰਸਥਾ ਜਾਂ ਐਨ.ਜੀ.ਓ, ਨੂੰ ਕੈਂਪ ਲਗਾਉਣ ਲਈ ਕਿਸੇ ਸਹਿਯੋਗ ਦੀ ਲੋੜ ਹੈ ਤਾ ਉਹ ਰੈਡ ਕਰਾਸ ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ। ਰੈਡ ਕਰਾਸ ਸ਼ਾਖਾ ਸੰਸਥਾ ਐਨ.ਜੀ.ਓ ਦੀ ਮੱਦਦ ਲਈ ਹਮੇਸ਼ਾ ਤੱਤਪਰ ਰਹੇਗੀ। ਅੰਤ ਵਿੱਚ ਸਕੱਤਰ ਵਲੋਂ ਜੁਆਏ ਆਫ ਗੀਵਿੰਗ, ਡਿਜ਼ਾਇਨਿੰਗ ਸ਼ਲਿਊਸ਼ਨਜ਼, ਆਈਕੂਰੀਅਸ, ਨਿਊਜ਼ਵਾਇਰ, ਪਾਰਕ ਵਿਊ ਅਤੇ ਅਡਰਾਇਡ ਟੀਮ ਦਾ ਧੰਨਵਾਦ ਕੀਤਾ ਗਿਆ।