ਪਟਿਆਲਾ : ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਕੈਟਲ ਫਾਰਮ ਰੌਣੀ ਵਿਖੇ ਮੀਟ ਦੀਆਂ ਦੁਕਾਨਾਂ ਦੇ ਮਾਲਕਾਂ ਤੇ ਕਾਮਿਆਂ ਨੂੰ ਸਾਫ਼-ਸੁਥਰਾ ਮੀਟ ਪੈਦਾ ਕਰਨ ਅਤੇ ਜਾਨਵਰਾਂ ਤੇ ਪੰਛੀਆਂ ਦੇ ਮੀਟ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦੇਣ ਲਈ ਇੱਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ। ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੇ ਨਿਰਦੇਸ਼ਾਂ ਅਨੁਸਾਰ ਲਗਾਈ ਗਈ ਇਸ ਵਰਕਸ਼ਾਪ ਵਿੱਚ ਕੁੱਲ 37 ਮੀਟ ਸ਼ਾਪ ਮਾਲਕਾਂ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਡਾ. ਹਸਨਦੀਪ ਸਿੰਘ ਸੋਹੀ ਵੈਟਨਰੀ ਪੈਥੋਲੋਜਿਸਟ ਪਟਿਆਲਾ ਨੇ ਮੀਟ ਸ਼ਾਪ ਮਾਲਕਾਂ ਨੂੰ ਪਸ਼ੂਆਂ ਤੇ ਪੰਛੀਆਂ ਦੇ ਮੀਟ ਤੋਂ ਕਾਮਿਆਂ ਨੂੰ ਹੋ ਸਕਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ ਅਤੇ ਉਨ੍ਹਾਂ ਤੋਂ ਬਚਾਅ ਦੇ ਤਰੀਕੇ ਦੱਸੇ। ਇਸ ਦੌਰਾਨ ਡਾ ਸੋਹੀ ਨੇ ਪੀ.ਪੀ.ਟੀ. ਰਾਹੀਂ ਫੋਟੋਆਂ ਦਿਖਾ ਕੇ ਮੀਟ ਸ਼ਾਪ ਮਾਲਕਾਂ ਨੂੰ ਪਸ਼ੂਆਂ ਤੇ ਪੰਛੀਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਜ਼ੂਨੌਟਿਕ ਬਿਮਾਰੀਆਂ ਦੇ ਕਾਰਨ ਮੀਟ ਵਿੱਚ ਆਉਂਦੀਆਂ ਨਿਸ਼ਾਨੀਆਂ ਬਾਰੇ ਵਿਸਥਾਰ ਨਾਲ ਦੱਸਿਆ।
ਡਾ. ਗੁਰਦਰਸ਼ਨ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਨੇ ਸਾਫ਼-ਸੁਥਰਾ ਅਤੇ ਬਿਮਾਰੀ ਰਹਿਤ ਮੀਟ ਦੀ ਮਹੱਤਤਾ ਬਾਰੇ ਦੱਸਿਆ। ਡਾ. ਜਤਿੰਦਰ ਸਿੰਘ ਵੈਟਨਰੀ ਅਫ਼ਸਰ ਪੋਲਟਰੀ ਵਿੰਗ ਨੇ ਪਸ਼ੂਆਂ ਤੇ ਪੰਛੀਆਂ ਤੇ ਅੱਤਿਆਚਾਰ ਰੋਕੂ ਕਾਨੂੰਨਾਂ ਅਤੇ ਇਸ ਸਬੰਧੀ ਕਾਰਜਸ਼ੀਲ ਐਸ.ਪੀ.ਸੀ.ਏ ਬਾਰੇ ਮੀਟ ਸ਼ਾਪ ਮਾਲਕਾਂ ਨੂੰ ਜਾਣਕਾਰੀ ਦਿੱਤੀ। ਟ੍ਰੇਨਿੰਗ ਦੌਰਾਨ ਡਾ. ਸੋਨਿੰਦਰ ਕੌਰ ਸਹਾਇਕ ਡਾਇਰੈਕਟਰ ਅਤੇ ਡਾ. ਜੀਵਨ ਕੁਮਾਰ ਗੁਪਤਾ ਵੈਟਨਰੀ ਅਫ਼ਸਰ ਹਾਜ਼ਰ ਸਨ।