ਹੱਡੀਆਂ ਨੂੰ ਚੀਰਦਾ, ਪੋਹ ਦਾ ਪਾਲਾ ਆਇਆ
ਘੜੀ ਉਹ ਕਹਿਰ ਦੀ, ਜੀਹਨੇ ਰੁਹ ਨੂੰ ਕੰਬਾਇਆ
ਅੱਜ ਫਿਰ ਸਾਕਾ ਸਰਹੰਦ ਯਾਦ ਆਇਆ
ਸਰਸਾ ਨਦੀ ਦੇ ਕਿਨਾਰੇ,ਪਰਵਾਰ ਸੀ ਗਵਾਇਆ
ਲੰਮੀਆਂ ਸੀ ਵਾਟਾਂ, ਕੜਕੇ ਬਿਜਲੀ ਦਾ ਸਾਇਆ
ਬਾਣੀ ਪੜ੍ਹ ਦਾਦੀ ਪੋਤੇ,ਰਾਹ ਸੀ ਮੁਕਾਇਆ
ਅੱਜ ਫਿਰ ਸਾਕਾ ਸਰਹੰਦ ਯਾਦ ਆਇਆ
ਰਸੋਈਏ ਗੰਗੂ ਪਾਪੀ ਦਾ ਮਨ ਸੀ ਲਲਚਾਇਆ
ਨਮਕ ਹਲਾਲੀ ਨੂੰ ਖੂਹ ਖਾਤੇ ਚ ਪਾਇਆ
ਜ਼ਿੰਦਾ ਨਿੱਕੀਆਂ ਨੂੰ, ਠੰਡੇ ਬੁਰਜ ਚ ਕ਼ੈਦ ਕਰਵਾਇਆ
ਅੱਜ ਫਿਰ ਸਾਕਾ ਸਰਹੰਦ ਯਾਦ ਆਇਆ
ਸੂਬੇ ਨੇ ਲਾਲਚਾਂ ਦਾ, ਜਾਲ਼ ਸੀ ਵਿਛਾਇਆ
ਹੰਸਾ ਦੀ ਡਾਰ ਨੇ,ਮਨ ਨਾ ਡੁਲਾਇਆ
ਬੌਖਲਾ ਕੇ ਸੂਬੇ, ਫ਼ਰਮਾਨ ਜਾਰੀ ਕਰਵਾਇਆ
ਲਾਲਾਂ ਨੂੰ ਚਿਣਵਾਉਣ ਲਈ, ਕੰਧਾਂ ਨੂੰ ਬਣਵਾਇਆ
ਅੱਜ ਫਿਰ ਸਾਕਾ ਸਰਹੰਦ ਯਾਦ ਆਇਆ
ਮਰ ਜਾਣੀ ਉਸ ਘੜੀ ਨੇ,ਕਹਿਰ ਕੀ ਰਚਾਇਆ
ਧਰਮ ਦੀ ਖ਼ਾਤਰ, ਜਿੰਦਾਂ ਨੇ ਜਾਮ ਸ਼ਹੀਦੀ ਦਾ ਚੜਾਇਆ
ਸਰਬੰਸਦਾਨੀ ਦੇ ਨਾਂਅ ਨੂੰ, ਰਹਿੰਦੇ ਯੁੱਗ ਤੱਕ ਰੁਸ਼ਨਾਇਆ
ਅੱਜ ਫਿਰ ਸਾਕਾ ਸਰਹੰਦ ਯਾਦ ਆਇਆ
** ਰੁਪਿੰਦਰ ਕੌਰ ਮੋਤੀ**