ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਉੱਪ ਚੇਅਰਮੈਨ ਕ੍ਰਿਸ਼ਨ ਲਾਲ ਬਈਏਵਾਲ ਤੇ ਫੋਰਸ ਦੇ ਕੌਮੀ ਪ੍ਰਧਾਨ ਧਰਮ ਪਾਲ ਸਾਹਨੇਵਾਲ ਨੇ ਕਿਹਾ ਕਿ ਜੈਤੋ ਨੇੜੇ ਪੈਂਦੇ ਪਿੰਡ ਚੰਦ ਭਾਨ ਵਿਖੇ ਐਸਸੀ ਸਮਾਜ ਉੱਪਰ ਸਿਆਸੀ ਪੁਸ਼ਤ ਪਨਾਹੀ ਹੇਠ ਪਿੰਡ ਦੇ ਇੱਕ ਜਗੀਰਦਾਰ ਵੱਲੋਂ ਕੀਤੀ ਗਈ ਫਾਇਰਿੰਗ ਅਤੇ ਜੈਤੋ ਪੁਲੀਸ ਵੱਲੋਂ ਐਸਸੀ ਸਮਾਜ ਤੇ ਕੀਤੇ ਗਏ ਬੇਤਹਾਸ਼ਾ ਲਾਠੀਚਾਰਜ਼ ਨੇ ਭਾਰਤੀ ਲੋਕਤੰਤਰ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਨਾਲੀ ਦੇ ਪਾਣੀ ਦੇ ਨਿਕਾਸ ਦੇ ਬਹਾਨੇ ਹੇਠ ਮਜ਼ਦੂਰਾਂ ਨੂੰ ਸਬਕ ਸਿਖਾਉਣ ਲਈ ਪਿੰਡ ਦੇ ਹੀ ਇੱਕ ਸ਼ੈਲਰ ਦੇ ਮਾਲਕ, ਹਲਕੇ ਦੇ ਐਮ.ਐਲ.ਏ,ਤੇ ਜੈਤੋ ਦੇ ਥਾਣਾ ਮੁਖੀ ਦੀ ਕਥਿਤ ਭੂਮਿਕਾ ਨੇ ਇਨਸਾਫ਼ ਤੇ ਕਾਨੂੰਨ ਨੂੰ ਖ਼ੂਹ ਵਿੱਚ ਧੱਕਾ ਦੇ ਦਿੱਤਾ ਅਤੇ ਜਮੂਹਰੀ ਜੱਥੇਬੰਦੀਆਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਡੱਟਣ ਲਈ ਮਜਬੂਰ ਕਰ ਦਿੱਤਾ ਹੈ।ਉਹਨਾਂ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਥਾਣਾ ਮੁਖੀ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਪ੍ਰਵਾਹ ਕੀਤੇ ਬਿਨਾਂ ਮਜ਼ਦੂਰਾਂ ਤੇ ਅਣਮਨੁੱਖੀ ਅੱਤਿਆਚਾਰ ਕੀਤਾ ਗਿਆ , ਪੁਲੀਸ ਮੁਲਾਜਮਾ ਵੱਲੋਂ ਐਸਸੀ ਸਮਾਜ ਦੇ ਘਰਾਂ ਦਾ ਸਮਾਨ ਭੰਨਿਆਂ ਗਿਆ ਅਤੇ ਸਿਤਮਜ਼ਰੀਫੀ ਦੀ ਗੱਲ ਹੋਰ ਕਿ ਦਸਵੀਂ, ਬਾਰਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਜ਼ਬਰੀ ਚੁੱਕ ਕੇ ਥਾਣਿਆਂ ਵਿੱਚ ਡੱਕਿਆ ਗਿਆ।
। ਉਨ੍ਹਾਂ ਕਿਹਾ ਕਿ ਜਿਲਾ ਪੁਲਿਸ ਮੁਖੀ ਜ਼ਖ਼ਮੀ ਸਿਪਾਹੀਆਂ ਦਾ ਹਾਲ ਚਾਲ ਪੁੱਛਣ ਲਈ ਤਾਂ ਹਸਪਤਾਲ ਗਏ ਪ੍ਰੰਤੂ ਜਿਲ੍ਹਾ ਮੁਖੀ ਨੇ ਲੜਾਈ ਦੀ ਅਸਲ ਤਹਿ ਤੱਕ ਜਾਣਾ ਮੁਨਾਸਬ ਨਹੀਂ ਸਮਝਿਆ ! ਉਲਟਾ ਜ਼ਖ਼ਮੀ ਮਜ਼ਦੂਰਾਂ ਤੇ ਦੇਸ਼ ਧ੍ਰੋਹ ਦੇ ਪਰਚੇ ਦਰਜ਼ ਕਰਵਾਕੇ ਲੋਕਤੰਤਰ ਨੂੰ ਖੂਝੇ ਲਾ ਦਿੱਤਾ । ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲੇ ਥਾਣਾ ਮੁਖੀ ਸਮੇਤ ਦੋਸ਼ੀ ਪੁਲਿਸ ਅਫਸਰਾਂ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਫਾਇਰਿੰਗ ਕਰਨ ਵਾਲੇ ਗਮਦੂਰ ਸਿੰਘ ਨੰਬਰਦਾਰ ਸਮੇਤ ਅਤੇ ਉਸਦੇ ਸਾਥੀਆਂ ਤੇ ਪਰਚੇ ਦਰਜ਼ ਕਰਕੇ ਉਹਨਾਂ ਨੂੰ ਵੀ ਸਲਾਖਾ ਪਿੱਛੇ ਸੁੱਟਿਆ ਜਾਵੇ