ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਗ੍ਰਾਮੀਣ ਚੌਕੀਦਾਰਾਂ ਦੀ ਭਲਾਈ ਲਈ ਯਤਨਸ਼ੀਲ ਹੈ। ਚੌਕੀਦਾਰਾਂ ਦੀ ਤਨਖਾਹ 7000 ਤੋਂ ਵਧਾ ਕੇ 11 ਹਜਾਰ ਰੁਪਏ ਕੀਤੀ ਗਈ ਹੈ। ਜਲਦੀ ਹੀ ਚੌਕੀਦਾਰਾਂ ਦੇ ਆਈਕਾਰਡ ਬਣਵਾਏ ਜਾਣਗੇ, ਤਾਂ ਜੋ ਉਨ੍ਹਾਂ ਨੂੰ ਕੰਮ ਕਰਦੇ ਹੋਏ ਕੋਈ ਅਸਹੂਲਤ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਚੌਕੀਦਾਰਾਂ ਦੇ ਖਾਲੀ ਅਹੁਦਿਆਂ ਨੂੰ ਭਰਨ ਦੀ ਪ੍ਰਕ੍ਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ।
ਉਹ ਅੱਜ ਇੱਥੇ ਸਿਵਲ ਸਕੱਤਰੇਤ ਵਿਚ ਗ੍ਰਾਮੀਣ ਚੌਕੀਦਾਰ ਯੂਨੀਅਨ, ਹਰਿਆਣਾ ਦੇ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ 'ਤੇ ਚੌਕੀਦਾਰਾਂ ਨੇ ਆਪਣਾ ਮੰਗ ਪੱਤਰ ਵੀ ਸੌਂਪਿਆ।
ਇਸ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਸੂਬੇ ਵਿਚ 7301 ਚੌਕੀਦਾਰਾਂ ਦੇ ਅਹੁਦੇ ਹਨ, ਜਿਨ੍ਹਾਂ ਵਿੱਚੋਂ 4927 ਚੌਕੀਦਾਰ ਕੰਮ ਕਰ ਰਹੇ ਹਨ ਅਤੇ 2374 ਚੌਕੀਦਾਰਾਂ ਦੇ ਅਹੁਦੇ ਖਾਲੀ ਹਨ। ਚੌਕੀਦਾਰਾਂ ਨੇ ਦਸਿਆ ਕਿ ਮੌਤ ਦਾ ਰਿਕਾਰਡ ਦਰਜ ਕਰਨ ਵਾਲਾ ਪੋਰਟਲ ਠੀਕ ਨਾਲ ਕੰਮ ਨਹੀਂ ਕਰ ਰਿਹਾ ਹੈ ਅਤੇ ਚੌਕੀਦਾਰਾਂ ਨੂੰ ਤਨਖਾਹ ਸਬੰਧੀ ਸਮਸਿਆ ਵੀ ਆ ਰਹੀ ਹੈ। ਇਸ 'ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ ਨੇ ਕਿਹਾ ਕਿ ਚੌਕੀਦਾਰਾਂ ਦੀ ਪਰੇਸ਼ਾਨੀਆਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।